ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਹੈ। ਰਾਜ ਸਭਾ ਦੇ ਸਪੀਕਰ ਐਮ ਵੈਂਕਾਇਆ ਨਾਇਡੂ ਨੇ ਡਾ. ਸਿੰਘ ਨੂੰ ਉੱਚ ਸਦਨ ਦੀ ਮੈਂਬਰੀ ਦੀ ਸਹੁੰ ਚੁਕਾਈ। ਸਪੀਕਰ ਦੇ ਕੈਬਿਨ ‘ਚ ਸਿੰਘ ਨੇ ਸਹੁੰ ਚੁੱਕੇ ਜਾਣ ਸਮੇਂ ਸੋਨੀਆ ਗਾਂਧੀ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ ਤੇ ਆਨੰਦ ਸ਼ਰਮਾ ਸਣੇ ਕਾਂਗਰਸ ਦੇ ਕਈ ਸੀਨੀਅਰ ਨੇਤਾ ਮੌਜੂਦ ਸੀ।

ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਕੁਝ ਬੀਜੇਪੀ ਨੇਤਾ ਵੀ ਉੱਥੇ ਮੌਜੂਦ ਸੀ। ਡਾ. ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਹ ਬਗੈਰ ਕਿਸੇ ਵਿਰੋਧ ਤੋਂ ਚੁਣੇ ਗਏ ਮੈਂਬਰ ਹਨ ਕਿਉਂਕਿ ਬੀਜੇਪੀ ਨੇ ਉਨ੍ਹਾਂ ਖਿਲਾਫ ਕਿਸੇ ਨੂੰ ਖੜ੍ਹਾ ਨਹੀਂ ਕੀਤਾ ਸੀ। ਡਾ. ਸਿੰਘ ਦਾ ਉੱਤੇ ਵਾਲੀ ਸਦਨ ‘ਚ ਕਾਰਜ ਕਾਲ ਇਸ ਸਾਲ 14 ਜੂਨ ਨੂੰ ਖ਼ਤਮ ਹੋ ਗਿਆ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਸਭਾ ‘ਚ ਲੰਬੇ ਸਮੇਂ ਤਕ ਅਸਮ ਦੀ ਨੁਮਾਇੰਦਗੀ ਕੀਤੀ ਸੀ। ਰਾਜ ਸਭਾ ਮੈਂਬਰ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਡਾ. ਮਨਮੋਹਨ ਸਿੰਘ ਦਾ ਚੁਣੇ ਜਾਣਾ ਪਹਿਲਾਂ ਹੀ ਤੈਅ ਸੀ। ਇਸ ਲਈ ਰਾਜਨੀਤੀ ਦਾ ਮੈਥਸ ਪੂਰੀ ਤਰ੍ਹਾਂ ਕਾਂਗਰਸ ਦੇ ਪੱਖ ‘ਚ ਸੀ। ਸੱਤਾਧਾਰੀ ਕਾਂਗਰਸ ਨੂੰ ਰਾਜਸਥਾਨ ‘ਚ 119 ਵਿਧਾਇਕਾਂ ਦਾ ਸਮਰਥਨ ਸੀ।