ਨਵੀਂ ਦਿੱਲੀ: ਮੋਦੀ ਸਰਕਾਰ ਸਤੰਬਰ ਦੇ ਪਹਿਲੇ ਹਫਤੇ ਸੱਤਾ ‘ਚ ਆਪਣੇ 100 ਦਿਨ ਪੂਰੇ ਕਰ ਲਵੇਗੀ। ਇਸ ਮੌਕੇ ਮੋਦੀ ਸਰਕਾਰ ਆਪਣੀਆਂ ਪ੍ਰਾਪਤੀਆਂ ਲੋਕਾਂ ਨੂੰ ਦੱਸਣ ਲਈ ਕਈ ਪ੍ਰੋਗਰਾਮ ਕਰ ਰਹੀ ਹੈ। ਇਸ ਦੌਰਾਨ ਦੇਸ਼ ਦੀ ਆਰਥਿਕ ਵਿਵਸਥਾ ਨੂੰ ਤੇਜ਼ੀ ਦੇਣ ਲਈ ਸਰਕਾਰ ਕੁਝ ਵੱਡੇ ਕਦਮ ਚੁੱਕਣ ਦਾ ਐਲਾਨ ਕਰ ਸਕਦੀ ਹੈ। 2014 ‘ਚ ਪਹਿਲੀ ਵਾਰ ਨਰੇਂਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਮੰਤਰਾਲਿਆਂ ਨੇ ਆਪਣੇ ਪਹਿਲੇ 100 ਦਿਨ ਦੇ ਕੰਮਾਂ ਦਾ ਬਿਓਰਾ ਲੋਕਾਂ ਸਾਹਮਣੇ ਰੱਖਿਆ ਸੀ। ਇਸ ਵਾਰ ਵੀ ਸਰਕਾਰ ਕੁਝ ਅਜਿਹਾ ਹੀ ਕਰਨ ਦੀ ਸੋਚ ਰਹੀ ਹੈ।

'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਕੈਬਿਨਟ ਜਨਰਲ ਸਕੱਤਰ ਨੇ ਸਾਰੇ ਮੰਤਰਾਲਿਆਂ ਨੂੰ ਕਿਹਾ ਹੈ ਕਿ ਉਹ ਆਪਣੇ 100 ਦਿਨ ਦੀ ਪ੍ਰਾਪਤੀਆਂ ਦੇ ਨਾਲ ਭਵਿੱਖ ਦੀ ਘੱਟੋ-ਘੱਟ ਤਿੰਨ ਵੱਡੀਆਂ ਯੋਜਨਾਵਾਂ ਨੂੰ ਤਿਆਰ ਕਰਨ। ਇਸ ਦੇ ਨਾਲ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਵੀ ਸਕਰਾਰ ਕੁਝ ਕਦਮ ਚੁੱਕਣ ਦਾ ਐਲਾਨ ਕਰ ਸਕਦੀ ਹੈ।

ਇਸ ਦੇ ਨਾਲ ਹੀ ਦੇਸ਼ ਦੀ ਆਰਥਿਕ ਹਾਲਤ ਚਿੰਤਾ ਦਾ ਕਾਰਨ ਬਣੀ ਹੋਈ ਹੈ। ਪਿਛਲੇ ਕੁਝ ਮਹੀਨਿਆਂ ਤੋਂ ਆਰਥਿਕ ਵਿਕਾਸ ਦੀ ਰਫ਼ਤਾਰ ਕਾਫੀ ਘੱਟ ਹੈ ਜਿਸ ਦਾ ਅਸਰ ਆਟੋ ਸੈਕਟਰ ਤੇ ਰਿਅਲ ਅਸਟੇਟ ਸੈਕਟਰ ‘ਚ ਸਾਫ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਦੋਵਾਂ ਖੇਤਰਾਂ ‘ਚ ਬੇਰੁਜ਼ਗਾਰੀ ਦੀ ਦਿੱਕਤ ਵੀ ਸ਼ੁਰੂ ਹੋ ਗਈ ਹੈ। ਅਜਿਹੇ ‘ਚ ਉਦਯੋਗ ਜਗਤ ਸਰਕਾਰ ਤੋਂ ਕੁਝ ਪ੍ਰੋਤਸਾਹਨ ਪੈਕੇਜ ਮਿਲਣ ਦੀ ਉਮੀਦ ਕਰ ਰਿਹਾ ਹੈ।

ਹੁਣ 'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ 100 ਦਿਨ ਪੂਰੇ ਹੋਣ ਦੇ ਮੌਕੇ ‘ਤੇ ਸਰਕਾਰ ਆਰਥਿਕ ਹਾਲਾਤ ਨੂੰ ਸੁਧਾਰਣ ਲਈ ਕੁਝ ਵੱਡੇ ਕਦਮਾਂ ਦਾ ਐਲਾਨ ਕਰ ਸਕਦੀ ਹੈ। ਉਧਰ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੀਵਾਲੀ ਤਕ ਅਰਥਵਿਵਸਥਾ ਫੇਰ ਤੋਂ ਪਟੜੀ ‘ਤੇ ਪਰਤ ਜਾਵੇਗੀ।