ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਵਿੱਚ ਪਿਆਜ ਤੇ ਟਮਾਟਰ ਮਹਿੰਗੇ ਹੋ ਗਏ ਹਨ। ਇਸ ਵੇਲੇ ਟਮਾਟਰ ਦੀ ਕੀਮਤ 80 ਰੁਪਏ ਕਿੱਲੋ ਤੇ ਪਿਆਜ ਦੀ ਕੀਮਤ 50 ਰੁਪਏ ਕਿੱਲੋ ਪਹੁੰਚ ਗਈ ਹੈ। ਪੰਜਾਬ ਪਹਿਲਾਂ ਹੀ ਇਸ ਵੇਲੇ ਹੜ੍ਹਾਂ ਦੀ ਮਾਰ ਸਹਿ ਰਿਹਾ ਹੈ। ਅਜਿਹੇ ਵਿੱਚ ਮਹਿੰਗਾਈ ਦੀ ਮਾਰ ਹੜ੍ਹਾਂ ਦਾ ਪ੍ਰਕੋਪ ਝੱਲ ਰਹੇ ਆਮ ਲੋਕਾਂ 'ਤੇ ਦੋਹਰੀ ਮਾਰ ਕਰੇਗੀ।
ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਦੀ ਵਜ੍ਹਾ ਕਰਕੇ ਸਪਲਾਈ ਘੱਟ ਹੈ ਤੇ ਮੰਗ ਜ਼ਿਆਦਾ ਹੈ। ਇਸ ਲਈ ਇਸ ਹਫ਼ਤੇ ਪੰਜਾਬ ਤੇ ਹਰਿਆਣਾ ਵਿੱਚ ਟਮਾਟਰ ਤੇ ਪਿਆਜ ਦੋ ਗੁਣਾ ਮਹਿੰਗੇ ਹੋ ਗਏ ਹਨ। ਇਹ ਜਾਣਕਾਰੀ ਵਪਾਰੀਆਂ ਨੇ ਸਾਂਝੀ ਕੀਤੀ ਹੈ।
ਇਨ੍ਹਾਂ ਦੋਵਾਂ ਸੂਬਿਆਂ ਦੇ ਨਾਲ ਨਾਲ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਸ਼ ਕਾਰਨ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਹੋਰ ਮੁੱਖ ਸਬਜ਼ੀਆਂ ਜਿਵੇਂ ਮਟਰ, ਫੁੱਲਗੋਭੀ ਤੇ ਫਲੀਆਂ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ।
ਵਪਾਰੀਆਂ ਨੇ ਦੱਸਿਆ ਕਿ ਟਮਾਟਰ ਦੇ ਭਾਅ 40 ਰੁਪਏ ਤੋਂ ਵਧਾ ਕੇ 80 ਰੁਪਏ ਪ੍ਰਤੀ ਕਿੱਲੋ, ਮਟਰ 90 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 120 ਰੁਪਏ ਕਿੱਲੋ, ਗੋਭੀ 60-70 ਰੁਪਏ ਤੋਂ ਵਧਾ ਕੇ 100 ਰੁਪਏ ਪ੍ਰਤੀ ਕਿਲੋਗ੍ਰਾਮ, ਫਲੀਆਂ ਦੀ ਕੀਮਤ 50 ਰੁਪਏ ਕਿੱਲੋ ਤੋਂ ਵਧਾ ਕੇ 90 ਰੁਪਏ ਪ੍ਰਤੀ ਕਿੱਲੋ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਘੀਆ ਪਹਿਲਾਂ 40 ਰੁਪਏ ਕਿਲੋ ਸੀ, ਜੋ ਕਿ ਵਧ ਕੇ 50 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਜਦਕਿ ਗਾਜਰ ਦੀ ਕੀਮਤ 40 ਰੁਪਏ ਤੋਂ 60 ਰੁਪਏ ਪ੍ਰਤੀ ਕਿੱਲੋ ਹੋ ਗਈ। ਭਿੰਡੀ ਦੀ ਕੀਮਤ ਪਹਿਲਾਂ 40 ਰੁਪਏ ਦੀ ਬਜਾਏ 60 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ।