ਪੈਰਿਸ: ਫਰਾਂਸ ਨੇ ਕਸ਼ਮੀਰ ਮੁੱਦੇ 'ਤੇ ਭਾਰਤ ਦਾ ਸਮਰਥਨ ਕੀਤਾ ਹੈ। ਵੀਰਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝੇ ਬਿਆਨ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਭਾਰਤ ਤੇ ਪਾਕਿਸਤਾਨ ਨੂੰ ਹੀ ਦੁਵੱਲੇ ਤਰੀਕੇ ਨਾਲ ਹੱਲ ਕੱਢਣਾ ਹੋਵੇਗਾ।


ਮੈਕਰੋਂ ਨੇ ਕਿਹਾ ਕਿ ਕਸ਼ਮੀਰ ਦੇ ਮੁੱਦੇ ਵਿੱਚ ਕਿਸੇ ਵੀ ਤੀਜੀ ਧਿਰ ਨੂੰ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਖੇਤਰ ਵਿੱਚ ਹਿੰਸਾ ਫੈਲਾਉਣ ਦੀ ਕੋਈ ਕੋਸ਼ਿਸ਼ ਹੋਣੀ ਚਾਹੀਦੀ ਹੈ। ਮੈਕਰੋਂ ਨੇ ਕਿਹਾ ਕਿ ਕਸ਼ਮੀਰ ਵਿੱਚ ਸ਼ਾਂਤੀ ਨਾਲ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਹੋਣੀ ਚਾਹੀਦੀ ਹੈ। ਦੱਸ ਦੇਈਏ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਕਰਨ ਲਈ ਕਾਹਲੇ ਪੈ ਰਹੇ ਹਨ ਤੇ ਲਗਾਤਾਰ ਇਸ ਬਾਰੇ ਬਿਆਨਬਾਜ਼ੀ ਕਰ ਰਹੇ ਹਨ।


ਇਸ ਤੋਂ ਪਹਿਲਾਂ ਮੈਕਰੋਂ ਨੇ ਵੀਰਵਾਰ ਨੂੰ ਸ਼ਾਂਤੇਈ ਸ਼ਹਿਰ ਵਿੱਚ ਮੋਦੀ ਨਾਲ ਮੁਲਾਕਾਤ ਕੀਤੀ। ਮੈਕਰੋਂ ਨੇ ਇੱਥੇ ਮੋਦੀ ਨੂੰ ਫਰਾਂਸ ਦੀ ਪ੍ਰਾਚੀਨ ਵਿਰਾਸਤ ਸ਼ੈਟੋ ਡੀ ਸ਼ਾਂਤੇਈ (ਸ਼ਾਂਤੇਈ ਦਾ ਮਹਿਲ) ਦੀ ਸੈਰ ਕਰਾਈ। ਇਸ ਦੌਰਾਨ ਉਨ੍ਹਾਂ ਮੋਦੀ ਨੂੰ ਸੈਂਕੜੇ ਸਾਲ ਪੁਰਾਣੇ ਮਹਿਲ ਦਾ ਇਤਿਹਾਸ ਦੱਸਿਆ। ਦੋਹਾਂ ਨੇ ਕਰੀਬ ਡੇਢ ਘੰਟੇ ਦੁਵੱਲੀ ਗੱਲਬਾਤ ਕੀਤੀ।


ਮੁਲਾਕਾਤ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਮੋਦੀ ਨੇ ਕਿਹਾ ਕਿ ਜੀ -7 ਸੰਮੇਲਨ ਵਿੱਚ ਰਾਸ਼ਟਰਪਤੀ ਮੈਕਰੋਂ ਦਾ ਸੱਦਾ ਮੇਰੇ ਪ੍ਰਤੀ ਉਨ੍ਹਾਂ ਦੇ ਦੋਸਤਾਨਾ ਰਵੱਈਏ ਦੀ ਮਿਸਾਲ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਾਸ ਬਾਰਡਰ ਟੂਰਿਜ਼ਮ ਦਾ ਮੁਕਾਬਲਾ ਕਰਨ ਵਿੱਚ ਭਾਰਤ ਨੂੰ ਫਰਾਂਸ ਦਾ ਬਹੁਮੁੱਲਾ ਸਮਰਥਨ ਮਿਲਿਆ ਹੈ। ਉਨ੍ਹਾਂ ਇਸ ਦੇ ਲਈ ਮੈਕਰੋਂ ਦਾ ਧੰਨਵਾਦ ਕੀਤਾ।