ਬੇਂਗਲੁਰੂ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਵਸਤੂ ਤੇ ਸੇਵਾ ਕਰ (GST) ਵਿੱਚ ਕਾਫੀ ਕਮੀਆਂ ਹਨ। ਇਸ ਨੂੰ ਜੀਐਸਟੀ 2.0 ਤਹਿਤ ਸੰਪੂਰਨਤਾ ਦੇਣ ਲਈ ਸੋਧ ਕੇ ਮੁੜ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੀਐਸਟੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪਹਿਲਾਂ ਆਸ ਸੀ ਕਿ ਜਦੋਂ ਜੀਐਸਟੀ ਲਾਗੂ ਕਰਨ ਨਾਲ ਜੀਡੀਪੀ ਦੇ ਦੋ ਫੀਸਦ ਅੰਕ ਤਕ ਉੱਪਰ ਜਾਣ, ਮਾਲੀਆ ਤੇ ਬਰਾਮਦਗੀ ਵਧਣ ਦੀ ਆਸ ਸੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਭਾਰਤੀ ਸਨਅਤਕਾਰਾਂ ਵੱਲੋਂ ਕਰਵਾਏ ਗਏ ਇਨਵੈਸਟ ਨਾਰਥ ਸੰਮੇਲਨ ਵਿੱਚ ਕਿਹਾ ਕਿ ਜੇਕਰ ਜੀਐਸਟੀ ਕਾਰਗਰ ਸੀ ਤਾਂ ਪਿਛਲੇ ਦੋ ਸਾਲਾਂ ਵਿੱਚ ਮਾਲੀਆ ਘੱਟ ਕਿਵੇਂ ਗਿਆ।

ਉਨ੍ਹਾਂ ਕਿਹਾ ਕਿ ਅਸੀਂ ਜੀਐਸਟੀ 2.0 ਬਾਰੇ ਗੱਲ ਕਰ ਕਰ ਰਹੇ ਹਾਂ ਕਿਉਂਕਿ ਪਿਛਲੇ ਢਾਈ ਸਾਲਾਂ ਦੌਰਾਨ ਇਸ ਕਾਨੂੰਨ ਵਿੱਚ 4,000 ਸੋਧਾਂ ਹੋ ਚੁੱਕੀਆਂ ਹਨ। ਬਾਦਲ ਨੇ ਮਿਸਾਲ ਦਿੰਦਿਆਂ ਕਿਹਾ ਕਿ ਜੇਕਰ ਤੁਸੀਂ ਕਿਸੇ ਮਰੀਜ਼ ਦਾ 4,000 ਵਾਰ ਆਪ੍ਰੇਸ਼ਨ ਕਰ ਦਿਓਂਗੇ ਤਾਂ ਉਸ ਦੇ ਠੀਕ ਹੋਣ ਦੀ ਆਸ ਹੀ ਨਹੀਂ ਬਚੇਗੀ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਵਾਰ-ਵਾਰ ਜੀਐਸਟੀ ਕਾਨੂੰਨ ਨੂੰ ਪੂਰੀ ਤਰ੍ਹਾਂ ਸੋਧ ਕੇ ਲਾਗੂ ਕਰਨ 'ਤੇ ਜ਼ੋਰ ਦਿੱਤਾ।