ਮਾਨਸਾ: ਜ਼ਿਲ੍ਹੇ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਗਲਵਾਨ ਘਾਟੀ ਵਿਚ ਚੀਨੀ ਫ਼ੌਜ ਨਾਲ ਲੋਹਾ ਲੈਂਦੇ ਹੋਏ ਜ਼ਖ਼ਮੀ ਹੋਣ ਤੋਂ ਬਾਅਦ 16 ਜੂਨ, 2020 ਨੂੰ ਸ਼ਹੀਦੀ ਦਾ ਜਾਮ ਪੀ ਗਿਆ ਸੀ। ਦੋ ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਜ਼ਖ਼ਮੀ ਹੋਣ ਮਗਰੋਂ ਸ਼ਹੀਦ ਹੋਏ ਗੁਰਤੇਜ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਵੀਰ ਚੱਕਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਵੀਰ ਚੱਕਰ ਦੇਣ 'ਤੇ ਜਿੱਥੇ ਗੁਰਤੇਜ ਸਿੰਘ ਦੇ ਪਰਿਵਾਰ ਵਿੱਚ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਉਥੇ ਵੀਰ ਚੱਕਰ ਪ੍ਰਾਪਤ ਹੋਣ ਬਾਰੇ ਗੁਰਤੇਜ ਸਿੰਘ ਦੇ ਪਿਤਾ ਵਿਰਸਾ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਜਿਸ ਨੇ ਦੇਸ਼ ਦੀ ਖਾਤਰ ਸ਼ਹੀਦੀ ਦਾ ਜਾਮ ਪੀਂਦੇ ਹੋਏ 12 ਚੀਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦਾ ਹੋਇਆ ਸ਼ਹੀਦੀ ਦਾ ਜਾਮ ਪੀ ਗਿਆ।
ਉਨ੍ਹਾਂ ਕਿਹਾ ਕਿ ਦੇਸ਼ ਨੇ ਗੁਰਤੇਜ ਸਿੰਘ ਦੀ ਸ਼ਹਾਦਤ 'ਤੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ ਪਰ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਗੁਰਤੇਜ ਸਿੰਘ ਦੀ ਯਾਦ ਵਿੱਚ ਪਿੰਡ ਵਿੱਚ ਗੇਟ ਅਤੇ ਸਟੇਡੀਅਮ ਬਣਾਉਣ ਦੇ ਵਾਅਦੇ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰਤੇਜ ਸਿੰਘ ਦੀ ਬਰਸੀ ਨੂੰ ਕੁਝ ਸਮਾਂ ਬਾਕੀ ਹੈ ਸਰਕਾਰ ਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ।
ਦੂਜੇ ਪਾਸੇ ਗੁਰਤੇਜ ਸਿੰਘ ਨੂੰ ਵੀਰ ਚੱਕਰ ਦੇਣ 'ਤੇ ਕੈਬਨਿਟ ਮੰਤਰੀ ਪੰਜਾਬ ਵਜਿੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦੇ ਰਹੀ ਹੈ ਵਿੱਤ ਮੰਤਰੀ ਵੱਲੋਂ ਕੀਤਾ ਵਾਅਦਾ ਉਹ ਜਲਦ ਹੀ ਪੂਰਾ ਕਰਵਾਉਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ