ਮੁੰਬਈ: ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਧਮਕੀ ਮਾਮਲੇ ਦੀ ਜਾਂਚ ਹੁਣ ਮਹਾਰਾਸ਼ਟਰ ਐਂਟੀ ਟੈਰਰ ਸਕੁਆਇਡ (ATS) ਵੱਲੋਂ ਕੀਤੀ ਜਾਵੇਗੀ। ਪਹਿਲਾਂ ਸਿਰਫ਼ ਮਨਸੁਖ ਹਿਰੇਨ ਦੀ ਮੌਤ ਦੀ ਜਾਂਚ ਹੀ ਮਹਾਰਾਸ਼ਟਰ NTS ਨੂੰ ਸੌਂਪੀ ਗਈ ਸੀ। ਅੰਬਾਨੀ ਦੇ ਘਰ ਦੇ ਕੋਲ ਪਿਛਲੇ ਦਿਨੀਂ ਇਕ ਸਕੌਰਪੀਓ ਬਰਾਮਦ ਹੋਈ ਸੀ। ਜਿਸ 'ਚ ਜਿਲੇਟਿਨ ਦੀਆਂ ਛੜਾਂ ਸਨ।


ਇਸ ਤੋਂ ਬਾਅਦ ਸ਼ੁੱਕਰਵਾਰ ਗੱਡੀ ਦੇ ਮਾਲਕ ਮਨਸੁਖ ਹਿਰੇਨ ਦੀ ਲਾਸ਼ ਬਰਾਮਦ ਹੋਈ। ਮਨਸੁਖ ਹਿਰੇਨ ਦੀ ਮੌਤ ਮਾਮਲੇ ਦੀ ਜਾਂਚ ਮਹਾਰਾਸ਼ਟਰ ਸਰਕਾਰ ਨੇ ਏਟੀਐਸ ਨੂੰ ਸੌਂਪ ਦਿੱਤੀ। ਓਧਰ ਮਨਸੁਖ ਹਿਰੇਨ ਦੀ ਅੱਜ ਪੋਸਟ ਮਾਰਟਮ ਰਿਪੋਰਟ ਆਵੇਗੀ। ਜਿਸ ਤੋਂ ਇਹ ਪਤਾ ਲੱਗ ਸਕੇਗਾ ਕਿ ਆਖਿਰ ਮੌਤ ਹੋਈ ਕਿਸ ਤਰ੍ਹਾਂ।


ਮਨਸੁਖ ਹਿਰੇਨ ਦਾ ਪੋਸਟਮਾਰਟਮ ਛੱਤਰਪਤੀ ਸ਼ਿਵਾਜੀ ਮਹਾਰਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਇੱਥੇ ਪੋਸਟਮਾਰਟਮ ਦੀ ਵੀਡੀਓ ਰਿਕਾਰਡ ਕਰਵਾਈ ਜਾ ਰਹੀ ਹੈ। ਪੋਸਟਮਾਰਟਮ ਚਾਰ ਮਾਹਿਰ ਡਾਕਟਰਾਂ ਦੀ ਟੀਮ ਕਰ ਰਹੀ ਹੈ। ਜਿਸ 'ਚ ਡਾਕਟਰ, ਪੈਥੌਲੋਜੀ ਡਾਕਟਰ, ਫੋਰੈਂਸਕ ਮਾਹਿਰ ਸ਼ਾਮਲ ਹਨ।


ਠਾਣੇ 'ਚੋਂ ਮਿਲੀ ਮਨਸੁਖ ਦੀ ਲਾਸ਼


ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਗੱਡੀ ਮਨਸੁਖ ਦੀ ਨਹੀਂ ਬਲਕਿ ਸੈਮ ਨਾਂਅ ਦੇ ਸ਼ਖਸ ਦੀ ਸੀ। ਪਰ ਪੁਲਿਸ 'ਚ ਗੱਡੀ ਚੋਰੀ ਦੀ ਸ਼ਿਕਾਇਤ ਦਰਜ ਕਰਾਉਂਦਿਆਂ ਮਨਸੁਖ ਨੇ ਦੱਸਿਆ ਸੀ ਕਿ ਉਸ ਨੇ ਗੱਡੀ ਖਰੀਦ ਲਈ ਸੀ। ਮਨਸੁਖ ਦਾ ਸ਼ੁੱਕਰਵਾਰ ਠਾਣੇ 'ਚ ਨਦੀ ਕਿਨਾਰਿਓਂ ਲਾਸ਼ ਮਿਲੀ। ਠਾਣੇ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਰੀਬ 45 ਸਾਲ ਦਾ ਮਨਸੁਖ ਵੀਰਵਾਰ ਰਾਤ ਲਾਪਤਾ ਹੋ ਗਿਆ ਸੀ। 


ਜ਼ਿਕਰਯੋਗ ਹੈ ਕਿ ਦੱਖਣੀ ਮੁੰਬਈ 'ਚ ਅੰਬਾਨੀ ਦੇ ਘਰ ਏਂਟੀਲਿਆ ਦੇ ਨੇੜੇ 25 ਫਰਵਰੀ ਨੂੰ ਮਨਸੁਖ ਦੀ ਸਕੌਰਪੀਓ ਕਾਰ ਦੇ ਅੰਦਰ ਜਿਲੇਟਿਨ ਦੀਆਂ ਛੜਾਂ ਰੱਖੀਆਂ ਮਿਲੀਆਂ ਸਨ। ਪੁਲਿਸ ਨੇ ਕਿਹਾ ਸੀ ਕਿ ਕਾਰ 18 ਫਰਵਰੀ ਨੂੰ ਏਰੋਲੀ-ਮੁਲੁੰਦ ਬ੍ਰਿਜ ਤੋਂ ਚੋਰੀ ਹੋਈ ਸੀ। ਮੁੰਬਈ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਇਸ ਮਾਮਲੇ 'ਚ ਮਨਸੁਖ ਦਾ ਬਿਆਨ ਦਰਜ ਕੀਤਾ ਸੀ। ਵਾਹਨਾਂ ਦੇ ਪੁਰਜਿਆਂ ਦਾ ਕਾਰੋਬਾਰ ਕਰਨ ਵਾਲੇ ਮਨਸੁਖ ਨੇ ਦੱਸਿਆ ਸੀ ਕਿ ਆਪਣੀ ਕਾਰ ਚੋਰੀ ਹੋਣ ਮਗਰੋਂ ਉਸ ਨੇ ਪੁਲਿਸ 'ਚ ਸ਼ਿਕਾਇਤ ਦਿੱਤੀ ਸੀ।