ਨਵੀਂ ਦਿੱਲੀ: ਜਸਵੰਤ ਸਿੰਘ ਦੇ ਵੱਡੇ ਪੁੱਤਰ ਤੇ ਰਾਜਸਥਾਨ ਦੀ ਸਿਆਸਤ ਵਿੱਚ ਵੱਡਾ ਨਾਂਅ ਮਾਨਵੇਂਦਰ ਸਿੰਘ ਨੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਕੇ ਭਾਜਪਾ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰਾਫ਼ੇਲ ਸੌਦੇ ਬਾਰੇ ਵੱਡਾ ਬਿਆਨ ਦਿੱਤਾ ਹੈ। ਮਾਨਵੇਂਦਰ ਨੇ ਕਿਹਾ ਕਿ ਰਾਫ਼ੇਲ ਸੌਦੇ ਕਾਰਣ ਹੀ ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਬੀਮਾਰ ਹੋਏ ਹਨ।

ਮਾਨਵੇਂਦਰ ਸਿੰਘ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਕੀਤੀ। ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਹੀ ਮਾਨਵੇਂਦਰ ਨੇ ਭਾਜਪਾ ਛੱਡ ਕਾਂਗਰਸ ਦਾ ਪੱਲ ਫੜ ਲਿਆ। ਮਾਨਵੇਂਦਰ ਦੀ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਤੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨਾਲ ਖਹਿਬਾਜ਼ੀ ਚੱਲ ਰਹੀ ਸੀ।

ਰਾਫ਼ੇਲ ਸੌਦੇ 'ਤੇ ਕਾਂਗਰਸ ਲਗਾਤਾਰ ਮੋਦੀ ਸਰਕਾਰ ਨੂੰ ਘੇਰਦੀ ਆਈ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਵੱਲੋਂ ਕੀਤੇ ਇਸ ਸੌਦੇ ਨੂੰ ਫਿਕਸ ਕਰਾਰ ਦਿੰਦਿਆਂ ਕਥਿਤ ਤੌਰ 'ਤੇ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਲਈ ਰਿਲਾਇੰਸ ਦੇ ਪੱਖ ਵਿੱਚ ਕੀਤੇ ਹੋਣ ਦਾ ਦੋਸ਼ ਲਾਏ ਹਨ। ਹੁਣ ਬੀਜੇਪੀ ਦੇ ਸਾਬਕਾ ਲੀਡਰ ਨੇ ਇਸ ਸੌਦੇ ਵਿੱਚ ਸਬਾਕਾ ਰੱਖਿਆ ਮੰਤਰੀ ਨੂੰ ਵੀ ਘੜੀਸ ਲਿਆ ਹੈ।