ਅੰਮ੍ਰਿਤਸਰ: ਬੀਤੇ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਵਾਪਰੀ ਦੁਰਘਟਨਾ ਵਿੱਚ 59 ਮ੍ਰਿਤਕਾਂ ਵਿੱਚ ਕਾਫੀ ਗਿਣਤੀ 'ਚ ਬੱਚੇ ਵੀ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਵੇਰਵਿਆਂ ਮੁਤਾਬਕ ਮ੍ਰਿਤਕਾਂ ਵਿੱਚ ਸੱਤ ਔਰਤਾਂ, 12 ਅੱਲ੍ਹੜ ਉਮਰ ਦੇ ਨੌਜਵਾਨ ਤੇ ਸੱਤ ਬੱਚੇ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਪੰਜ ਬੱਚੇ ਦੋ ਸਾਲ ਤੋਂ ਛੋਟੇ ਹਨ।
ਹਾਦਸੇ ਵਿੱਚ ਕਾਫੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਸ਼ਾਮਲ ਹਨ। ਇਸ 'ਤੇ ਬਿਹਾਰ ਦੇ ਮੁੱਖ ਮੰਤਰੀ ਨੇ ਆਪਣੇ ਸੂਬੇ ਨਾਲ ਸਬੰਧਤ ਮ੍ਰਿਤਕਾਂ ਦੇ ਵਾਰਸਾਂ ਲਈ ਦੋ-ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ। ਉੱਧਰ ਰੇਲਵੇ ਨੇ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਪੱਲਾ ਝਾੜ ਲਿਆ ਹੈ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਸਾਫ ਕਹਿ ਦਿੱਤਾ ਹੈ ਕਿ ਇਸ ਹਾਦਸੇ ਦੀ ਜਾਂਚ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਰੇਲ ਰਾਜ ਮੰਤਰੀ ਮਨੋਜ ਸਿਨ੍ਹਾ ਨੇ ਹਾਦਸੇ ਵਾਲੇ ਦਿਨ ਹੀ ਕਹਿ ਦਿੱਤਾ ਸੀ ਕਿ ਹਾਦਸਾ ਰੇਲਵੇ ਦੀ ਗ਼ਲਤੀ ਕਾਰਨ ਨਹੀਂ ਵਾਪਰਿਆ। ਉਨ੍ਹਾਂ ਸ਼ਨੀਵਾਰ ਨੂੰ ਮੁੜ ਬਿਆਨ ਦਿੱਤਾ ਕਿ ਲੋਕਾਂ ਨੂੰ ਰੇਲ ਲੀਹ 'ਤੇ ਇਕੱਠੇ ਨਹੀਂ ਸੀ ਹੋਣਾ ਚਾਹੀਦਾ।