ਲਹਿਰਾਗਾਗਾ : ਛੱਤੀਸਗੜ੍ਹ ਦੇ ਜ਼ਿਲ੍ਹਾ ਸੁਕਮਾ ਵਿੱਚ  ਪਿਛਲੇ ਦਿਨੀਂ ਨਕਸਲਬਾੜੀ ਮੁੱਠਭੇੜ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਜਾਂਬਾਜ਼ ਕਾਂਸਟੇਬਲ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਜਿਵੇਂ ਹੀ ਫੌਜੀ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਘਰ ਤੋਂ ਲਹਿਰਾਗਾਗਾ ਸ਼ਹਿਰ ਵਿਖੇ ਪੁੱਜੀ ਤਾਂ ਸਾਰਾ ਮਾਹੌਲ ਗ਼ਮਗੀਨ ਹੋ ਗਿਆ। ਸਮੂਹ ਦੁਕਾਨਦਾਰਾਂ ਨੇ ਸ਼ਹੀਦ ਦੀ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਦੁਕਾਨਾਂ ਤੇ ਹੋਰ ਅਦਾਰੇ ਬੰਦ ਰੱਖੇ।

ਸ਼ਹੀਦ ਕਾਂਸਟੇਬਲ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਫ਼ੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਦੇਸ਼ ਭਗਤੀ ਦੇ ਰੰਗ ਵਿੱਚ ਰੰਗੇ ਲਹਿਰਾਗਾਗਾ ਦੇ ਸਮਸ਼ਾਨਘਾਟ ਵਿਖੇ ਮਾਹੌਲ ਉਸ ਵੇਲੇ ਭਾਵੁਕਤਾ ਨਾਲ ਭਰ ਗਿਆ,.ਜਦੋਂ ਭਾਰਤੀ ਫ਼ੌਜ ਦੇ ਇਸ ਸ਼ਹੀਦ ਦੀ ਚਿਖਾ ਨੂੰ ਉਨ੍ਹਾਂ ਦੇ ਭਰਾ ਵੱਲੋਂ ਅਗਨੀ ਦਿਖਾਈ ਗਈ। ਹਰ ਅੱਖ ਨਮ ਸੀ ਅਤੇ ਦੇਸ਼ ਦੇ ਇਸ ਯੋਧੇ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ।

ਸ਼ਹੀਦ ਵਰਿੰਦਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਭਾਰਤੀ ਫ਼ੌਜ ਦੇ ਬਿਗਲਰ ਨੇ ਮਾਤਮੀ ਧੁਨ ਵਜਾਈ ਅਤੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਗਾਰਡ ਆਫ਼ ਆਨਰ ਦਿੰਦਿਆਂ ਫ਼ਾਇਰ ਕਰਕੇ ਸ਼ਹੀਦ ਨੂੰ ਸਲਾਮੀ ਦਿੱਤੀ। ਫ਼ੌਜੀ ਅਧਿਕਾਰੀਆਂ ਨੇ ਭਾਵੁਕਤਾ ਭਰੇ ਮਾਹੌਲ 'ਚ ਸ਼ਹੀਦ ਦੀ ਦੇਹ ਦੇ ਤਾਬੂਤ ਦੁਆਲੇ ਲਿਪਟਿਆ ਤਿਰੰਗਾ ਝੰਡਾ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਕੇ ਸਲਾਮੀ ਦਿੱਤੀ।

ਇਸ ਤੋਂ ਪਹਿਲਾਂ ਸ਼ਹੀਦ ਦੀ ਮ੍ਰਿਤਕ ਦੇਹ 'ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਮੇਤ ਹੋਰਾਂ ਨੇ ਰੀਥ ਰੱਖ ਕੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਇਸ ਤੋਂ ਇਲਾਵਾ ਭਾਰਤੀ ਸੈਨਾ ਤੇ ਪ੍ਰਸਾਸ਼ਨ ਦੇ ਵੱਖ ਵੱਖ ਅਧਿਕਾਰੀਆਂ ਨੇ ਵੀ ਰੀਥ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਬੀਬੀ ਰਜਿੰਦਰ ਕੌਰ ਭੱਠਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਰਫੋਂ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸ਼ਹੀਦ ਦੀ ਸ਼ਹਾਦਤ ‘ਤੇ ਗਰਵ ਮਹਿਸੂਸ ਕਰਦਿਆਂ ਐਲਾਨ ਕੀਤਾ ਹੈ ਕਿ ਲਹਿਰਾਗਾਗਾ ਦੇ ਮੁੱਖ ਪ੍ਰਵੇਸ਼ ਦੁਆਰ ‘ਤੇ ਸ਼ਹੀਦ ਦੇ ਨਾਂਅ ‘ਤੇ ਚੌਂਕ ਬਣਾ ਕੇ ਬੁੱਤ ਲਗਾਇਆ ਜਾਵੇਗਾ ਅਤੇ ਲਹਿਰਾ ਤੋਂ ਨਦਾਮਪੁਰ ਤੱਕ ਬਣਨ ਵਾਲੀ ਸੜਕ ਦਾ ਨਾਂਅ ਸ਼ਹੀਦ ਵਰਿੰਦਰ ਸਿੰਘ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨਿਯਮਾਂ ਅਨੁਸਾਰ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ।