ਨਵੀਂ ਦਿੱਲੀ: ਦਿੱਲੀ ਦੇ ਵੀ.ਆਈ.ਪੀ. ਹਸਪਤਾਲ 'ਤੇ ਅੱਜ ਵੱਡੀ ਗਾਜ ਉਸ ਸਮੇਂ ਡਿੱਗੀ ਜਦੋਂ ਦਿੱਲੀ ਸਰਕਾਰ ਨੇ ਹਸਪਤਾਲ ਦਾ ਲਾਇਸੰਸ ਰੱਦ ਕਰ ਦਿੱਤਾ। ਦਿੱਲੀ ਦੇ ਸ਼ਾਲੀਮਾਰ ਬਾਗ਼ ਇਲਾਕੇ ਵਿੱਚ ਸਥਿੱਤ ਮੈਕਸ ਹਸਪਤਾਲ ਨੇ ਬੀਤੇ ਦਿਨੀਂ ਇੱਕ ਨਵਜਨਮੇ ਬੱਚੇ ਨੂੰ ਮੁਰਦਾ ਕਰਾਰ ਦਿੱਤਾ ਸੀ।
ਹਸਪਤਾਲ ਨੇ ਜਿਉਂਦੇ ਬੱਚੇ ਨੂੰ ਨਾ ਸਿਰਫ ਮੁਰਦਾ ਕਰਾਰ ਦਿੱਤਾ ਬਲਕਿ ਉਸ ਨੂੰ ਇੱਕ ਪਾਰਸਲ ਵਿੱਚ ਪੈਕ ਕਰ ਕੇ ਵਾਰਸਾਂ ਹਵਾਲੇ ਕਰ ਦਿੱਤਾ। ਜੌੜੇ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਉਦਾਸੀ ਦੇ ਆਲਮ ਵਿੱਚ ਪੂਰਾ ਪਰਿਵਾਰ ਘਰ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਡੱਬੇ ਵਿੱਚ ਹਲਚਲ ਸੁਣਾਈ ਦਿੱਤੀ। ਉਨ੍ਹਾਂ ਪਾਰਸਲ ਨੂੰ ਪਾੜ ਕੇ ਵੇਖਿਆ ਤਾਂ ਬੱਚਾ ਜਿਉਂਦਾ ਸੀ।
ਪਰਿਵਾਰ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ 2 ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੱਚੇ ਦੇ ਪਿਤਾ ਨੇ ਮ੍ਰਿਤਕ ਬੱਚੇ ਦੀ ਲਾਸ਼ ਸਵੀਕਾਰ ਤੋਂ ਇਨਕਾਰ ਕਰ ਦਿੱਤਾ ਤੇ ਇਸ ਦੇ ਜ਼ਿੰਮੇਵਾਰ ਡਾਕਟਰਾਂ ਵਿਰੁੱਧ ਕਾਰਵਾਈ ਮੰਗੀ।
ਇਸ ਤੋਂ ਬਾਅਦ ਅੱਜ ਦਿੱਲੀ ਸਰਕਾਰ ਨੇ ਮੈਕਸ ਹਸਪਤਾਲ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਲਾਇਸੰਸ ਰੱਦ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਹਿਲਾਂ ਵੀ ਹਸਪਤਾਲ ਨੂੰ ਕਈ ਨੋਟਿਸ ਜਾਰੀ ਹੋਏ ਹਨ ਤੇ ਹਸਪਤਾਲ ਉਨ੍ਹਾਂ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ।
ਦਿੱਲੀ ਸਰਕਾਰ ਨੇ ਹਸਪਤਾਲ ਨੂੰ ਹੈਬਚੂਅਲ ਔਫੈਂਡਰ ਯਾਨੀ ਵਾਰ-ਵਾਰ ਜੁਰਮ ਕਰਨ ਵਾਲਾ ਕਰਾਰ ਦਿੱਤਾ ਹੈ। ਲਾਇਸੰਸ ਰੱਦ ਕਰਨ ਦੇ ਨਾਲ ਹੀ ਦਿੱਲੀ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਇਸ ਤੋਂ ਬਾਅਦ ਹਸਪਤਾਲ ਵਿੱਚ ਕੋਈ ਵੀ ਨਵਾਂ ਮਰੀਜ਼ ਭਰਤੀ ਨਾ ਕੀਤਾ ਜਾਵੇ।