ਚੰਡੀਗੜ੍ਹ: MDH ਮਸਾਲਾ ਦੇ ਮਾਲਕ ਧਰਮਪਾਲ ਗੁਲਾਟੀ ਨੇ ਆਪਣੀ ਮੌਤ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ। MDH ਨੇ ਧਰਮਪਾਲ ਗੁਲਾਟੀ ਦੀ ਵੀਡੀਓ ਜਾਰੀ ਕਰਦਿਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਵੀਡੀਓ ਵਿੱਚ ਗੁਲਾਟੀ ਗਾਇਤ੍ਰੀ ਮੰਤਰ ਦਾ ਜਾਪ ਕਰ ਰਹੇ ਹਨ ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿੱਚ ਧਰਮਪਾਲ ਗੁਲਾਟੀ ਦੀ ਮੌਤ ਦਾ ਦਾਅਵਾ ਕੀਤਾ ਗਿਆ ਸੀ।

ਪਾਕਿਸਤਾਨ ਦੇ ਸਿਆਲਕੋਟ ਵਿੱਚ 27 ਮਾਰਚ, 1923 ਨੂੰ ਜਨਮੇ ਧਰਮਪਾਲ ਦਾ ਜੀਵਨ ਕਾਫ਼ੀ ਸੰਘਰਸ਼ ਭਰਿਆ ਰਿਹਾ। ਦੇਸ਼ ਦੀ ਵੰਡ ਤੋਂ ਪਹਿਲਾਂ ਉਹ ਆਪਣੇ ਪਿਤਾ ਨਾਲ ਮਹਿੰਦੀ ਦਾ ਕੰਮ ਕਰਦੇ ਸਨ। ਉਨ੍ਹਾਂ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਦਿੱਲੀ ਵਿੱਚ ਪਨਾਹ ਲਈ ਤੇ ਰੋਜ਼ੀ ਰੋਟੀ ਲਈ ਟਾਂਗਾ ਚਲਾਉਣਾ ਸ਼ੁਰੂ ਕੀਤਾ। ਦਿੱਲੀ ਵਿੱਚ ਉਨ੍ਹਾਂ ਦੋ ਮਹੀਨੇ ਤਕ ਟਾਂਗਾ ਚਲਾਇਆ।

ਪਰ ਸਮਾਂ ਬਦਲ ਗਿਆ ਤੇ ਉਨ੍ਹਾਂ ਆਪਣਾ ਜ਼ੱਦੀ ਕਾਰੋਬਾਰ ਮਸਾਲਿਆਂ ਦਾ ਕੰਮ ਸ਼ੁਰੂ ਕਰ ਦਿੱਤਾ। ਦਿੱਲੀ ਵਿੱਚ ਉਨ੍ਹਾਂ ਛੋਟੀ ਜਿਹੀ ਦੁਕਾਨ ਤੋਂ ਸ਼ੁਰੂਆਤ ਕੀਤੀ ਤੇ ਅੱਜ ਸੰਸਾਰ ਭਰ ਵਿੱਚ ਉਨ੍ਹਾਂ ਦੀ ਕੰਪਨੀਆਂ ਦੀਆਂ ਸ਼ਾਖਾਵਾਂ ਮੌਜੂਦ ਹਨ। 2016 ਵਿੱਚ MDH ਦੀ ਕੁੱਲ ਆਮਦਨ 213 ਕਰੋੜ ਰੁਪਏ ਸੀ।