ਚੰਡੀਗੜ੍ਹ: ਮਸਾਲਿਆਂ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਧਰਮਪਾਲ ਗੁਲਾਟੀ ਨੇ ਵੱਡਾ ਮੁਕਾਮ ਹਾਸਲ ਕਰ ਲਿਆ ਹੈ। 95 ਸਾਲ ਦੇ ਗੁਲਾਟੀ ਇਸ਼ਤਿਹਾਰਾਂ ਦੀ ਦੁਨੀਆ ਵਿੱਚ ਵੀ ਸਭ ਤੋਂ ਵੱਧ ਉਮਰਦਰਾਜ਼ ਸਟਾਰ ਹਨ। ਕਦੀ ਟਾਂਗਾ ਚਲਾ ਕੇ ਗੁਜ਼ਾਰਾ ਕਰਨ ਵਾਲੇ ਗੁਲਾਟੀ ਅੱਜ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਗਰੁੱਪ ‘ਮਹਾਸ਼ਿਆਂ ਦੀ ਹੱਟੀ’ (MDH) ਦੇ ਮਾਲਕ ਹਨ। ਧਰਮਪਾਲ ਗੁਲਾਟੀ ਐਫਐਮਸੀਜੀ (ਫਾਸਟ ਮੂਵਿੰਗ ਕੰਜ਼ਿਊਮਰ ਗੁਡਸ) ਖੇਤਰ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੀਈਓ ਹਨ। ਇਸ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।


ਐਫਐਮਸੀਜੀ ਖੇਤਰ ਵਿੱਚ ਉਹ ਉਤਪਾਦ ਹੁੰਦੇ ਹਨ ਜਿਨ੍ਹਾਂ ਦੀ ਬਾਜ਼ਾਰ ਵਿੱਚ ਹਮੇਸ਼ਾ ਮੰਗ ਬਣੀ ਰਹਿੰਦੀ ਹੈ ਤੇ ਇਹ ਜਲਦੀ ਵਿਕ ਜਾਂਦੇ ਹਨ। ਸਬਜ਼ੀਆਂ, ਮਸਾਲੇ, ਜੂਸ, ਸਾਬਣ, ਬਿਊਟੀ ਪ੍ਰੋਡਕਟਸ ਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਇਸ ਸੈਕਟਰ ਵਿੱਚ ਆਉਂਦੀਆਂ ਹਨ। ਇਸ ਸੈਕਟਰ ਵਿੱਚ ਕਈ ਵੱਡੀਆਂ ਕੰਪਨੀਆਂ ’ਚ ਮੁਕਾਬਲਾ ਹੁੰਦਾ ਹੈ ਜਿਨ੍ਹਾਂ ਵਿੱਚ ਆਈਟੀਸੀ ਲਿਮਟਿਡ, ਹਿੰਦੁਸਤਾਨ ਯੂਨੀਲਿਵਰ ਲਿਮਟਿਡ, ਬ੍ਰਿਟਾਨੀਆ, ਨੈਸਲੇ ਇੰਡੀਆ ਤੇ ਡਾਬਰ ਮੁੱਖ ਹਨ। ਇਨ੍ਹਾਂ ਵਿੱਚੋਂ MDH ਸਭ ਤੋਂ ਵੱਡੀ ਕੰਪਨੀ ਹੈ। ਇਸ ਦੇ ਸੀਈਓ ਧਰਮਪਾਲ ਗੁਲਾਟੀ ਸਭ ਤੋਂ ਵੱਧ ਕਮਾਈ ਕਰਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਧਰਮਪਾਲ ਗੁਲਾਟੀ ਦੇ ਪਰਿਵਾਰ ਨੇ ਦਿੱਲੀ ਵਿੱਚ ਸ਼ਰਨ ਲਈ। ਉਨ੍ਹਾਂ ਦਾ ਜਨਮ 27 ਮਾਰਚ, 1923 ਨੂੰ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਸੀ। ਦਿੱਲੀ ਆ ਕੇ ਗੁਜ਼ਾਰਾ ਕਰਨ ਲਈ ਉਨ੍ਹਾਂ ਟਾਂਗਾ ਚਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਸਮਾਂ ਬਦਲਿਆ ਤੇ ਉਨ੍ਹਾਂ ਮਸਾਲੇ ਬਣਾਉਣ ਦਾ ਆਪਣਾ ਪੁਸ਼ਤੈਨੀ ਧੰਦਾ ਸ਼ੁਰੂ ਕਰ ਲਿਆ। ਦਿੱਲੀ ਵਿੱਚ 9 ਫੁੱਟ ਬਾਈ 14 ਫੁੱਟ ਦੀ ਦੁਕਾਨ ਖੋਲ੍ਹਾ ਅਤੇ ਅੱਜ ਦੁਨੀਆ ਭਰ ਦੇ ਕਈ ਸ਼ਹਿਰਾਂ ਵਿੱਚ MDH ਦੀਆਂ ਸ਼ਾਖਾਵਾਂ ਚੱਲ ਰਹੀਆਂ ਹਨ।