ਨਵੀਂ ਦਿੱਲੀ: ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਨਹੀਂ ਜਾਣਦੀ ਕਿ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਕਿੱਥੇ ਭੱਜ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਸਿੱਧੂ ਇਸ ਘਟਨਾ ਤੋਂ ਬਾਅਦ ਆਈਐਸਆਈ ਮੁਖੀ ਨੂੰ ਗਲੇ ਲਾਉਣਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ‘ਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਦਹਾਕਿਆਂ ਤੋਂ ਘੱਟ ਗਿਣਤੀਆਂ ਨੂੰ ਧਰਮ ਪਰਿਵਰਤਨ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਲੇਖੀ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਸਿੱਧੂ ਭਾਜੀ ਕਿੱਥੇ ਚਲੇ ਗਏ ਹਨ। ਕਿਸੇ ਨੂੰ ਪਤਾ ਲਾਉਣਾ ਚਾਹੀਦਾ ਹੈ ਕਿ ਨਵਜੋਤ ਸਿੱਧੂ ਕਿੱਥੇ ਹਨ? ਜੇ ਇਸ ਸਭ ਦੇ ਬਾਵਜੂਦ, ਉਹ ਆਈਐਸਆਈ ਮੁਖੀ ਨੂੰ ਗਲੇ ਲਾਉਣਾ ਚਾਹੁੰਦਾ ਹੈ, ਤਾਂ ਕਾਂਗਰਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ, “ਪਾਕਿਸਤਾਨ ਤੇ ਉਸ ਦੇ ਸਮਾਜ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਕਿਸਤਾਨੀ ਸਿੱਖ ਉਸ ਧਰਤੀ ਦੇ ਪੁੱਤਰ ਹਨ ਤੇ ਉਸ ਧਰਤੀ ਪ੍ਰਤੀ ਉਨ੍ਹਾਂ ਦਾ ਸਤਿਕਾਰ ਜਾਰੀ ਹੈ।” ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਨਨਕਾਣਾ ਸਾਹਿਬ ਦਾ ਨਾਂ ਬਦਲ ਕੇ ਗੁਲਾਮ-ਏ-ਮੁਸਤਫ਼ਾ ਕਰ ਦੇਣ ਦੀ ਧਮਕੀ ਦਿੱਤੀ। 21ਵੀਂ ਸਦੀ ਵਿੱਚ ਪਾਕਿਸਤਾਨ ਦੀ ਇਹ ਸਥਿਤੀ ਹੈ।

ਮੀਨਾਕਸ਼ੀ ਲੇਖੀ ਨੇ ਦੋਸ਼ ਲਾਇਆ ਕਿ ਹਜ਼ਾਰਾਂ ਵਾਰਦਾਤਾਂ ਵਾਪਰੀਆਂ ਜਿਨ੍ਹਾਂ ਵਿੱਚ ਔਰਤਾਂ ਨੂੰ ਚੁੱਕ ਲਿਆ ਗਿਆ, ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ। ਉਨ੍ਹਾਂ ਦਾ ਵਿਆਹ ਮੁਸਲਮਾਨ ਮੁੰਡਿਆਂ ਨਾਲ ਕਰਾਇਆ ਗਿਆ। ਪੁਲਿਸ, ਸਰਕਾਰ ਤੇ ਹੋਰ ਏਜੰਸੀਆਂ ਇਸ ਪ੍ਰਕਿਰਿਆ ਵਿੱਚ ਭਾਈਵਾਲ ਸਨ।

ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਨਕਾਣਾ ਦੀ ਘਟਨਾ ਦਰਸਾਉਂਦੀ ਹੈ ਕਿ ਕਿਵੇਂ ਘੱਟ ਗਿਣਤੀਆਂ ‘ਤੇ ਅੱਤਿਆਚਾਰ ਹੋ ਰਹੇ ਹਨ। ਨਨਕਾਣਾ ਸਾਹਿਬ ਨੂੰ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਦੱਸਦਿਆਂ ਲੇਖੀ ਨੇ ਕਿਹਾ ਕਿ ਇਸ ‘ਤੇ ਹਮਲਾ ਕਾਬਾ ਜਾਂ ਯਰੂਸ਼ਲਮ ‘ਤੇ ਹੋਏ ਹਮਲੇ ਵਰਗਾ ਹੈ।

ਉਨ੍ਹਾਂ ਕਿਹਾ, “ਪਾਕਿਸਤਾਨ ਬਣਨ ਤੋਂ ਬਾਅਦ ਤੋਂ ਹੀ ਅੱਤਿਆਚਾਰ ਜਾਰੀ ਹੈ, ਜਿਸ ਕਾਰਨ ਘੱਟ ਗਿਣਤੀਆਂ ਲੋਕ ਭਾਰਤ ਆਉਣ ਲਈ ਮਜ਼ਬੂਰ ਹਨ। ਇਹ ਨਾ ਸਿਰਫ ਸੀਏਏ ਵਰਗੇ ਕਾਨੂੰਨਾਂ ਨੂੰ ਜਾਇਜ਼ ਠਹਿਰਾਉਂਦਾ ਹੈ ਬਲਕਿ ਇਸ ਨੂੰ ਤੁਰੰਤ ਲਾਗੂ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੰਦਾ ਹੈ। ਪਾਕਿਸਤਾਨ ਨੇ ਸਾਬਤ ਕਰ ਦਿੱਤਾ ਹੈ ਕਿ ਸੀਏਏ ਸਹੀ ਹੈ ਤੇ ਇਸ ਨੂੰ ਸਮੇਂ ਸਿਰ ਲਿਆਇਆ ਗਿਆ ਹੈ।