ਗੁਰਦਾਸਪੁਰ: ਭਾਰਤ ਤੇ ਪਾਕਿਸਤਾਨ ਵਿਚਾਲੇ ਖੁੱਲ੍ਹਣ ਵਾਲੇ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਲੈ ਕੇ ਅੱਜ ਮੀਟਿੰਗ ਹੋਣੀ ਸੀ ਪਰ ਫਿਲਹਾਲ ਇਸ ਨੂੰ ਟਾਲ ਦਿੱਤਾ ਗਿਆ ਹੈ। ਹੁਣ ਇਹ ਮੀਟਿੰਗ ਕੱਲ੍ਹ, ਯਾਨੀ 24 ਅਕਤੂਬਰ ਨੂੰ ਹੋਏਗੀ। ਇਹ ਵੀ ਸਾਹਮਣੇ ਆਇਆ ਹੈ ਕਿ ਇਹ ਮੀਟਿੰਗ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਦੀ ਜ਼ੀਰੋ ਲਾਈਨ 'ਤੇ ਹੋਏਗੀ। ਹਾਲਾਂਕਿ ਇਸ ਮੀਟਿੰਗ ਦੀ ਥਾਂ ਤੇ ਸਮੇਂ ਬਾਰੇ ਹਾਲੇ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਉੱਧਰ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਵਿੰਦ ਮੋਹਨ ਅੱਜ ਭਾਰਤ ਵੱਲੋਂ ਕਰਤਾਰਪੁਰ ਲਾਂਘੇ ਦੀ ਇੰਟੀਗਰੇਟਿਡ ਚੈਕ ਪੋਸਟ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਆਹਲਾ ਅਧਿਕਾਰੀ ਵੀ ਸ਼ਾਮਲ ਸਨ। ਉਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ।
ਦੱਸ ਦੇਈਏ ਕੱਲ੍ਹ ਪੰਜਾਬ ਸਰਕਾਰ ਵੱਲੋਂ ਬਟਾਲਾ ਵਿੱਚ ਕੈਬਨਿਟ ਮੀਟਿੰਗ ਵੀ ਹੋਣੀ ਹੈ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਸਰਕਾਰ ਦੇ ਸਾਰੇ ਮੰਤਰੀ ਬਟਾਲਾ ਵਿੱਚ ਪਹੁੰਚਣਗੇ। ਕੈਬਨਿਟ ਮੀਟਿੰਗ ਤੋਂ ਪਹਿਲਾਂ ਮੰਤਰੀ ਡੇਰਾ ਬਾਬਾ ਨਾਨਾਕ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣਗੇ।