ਨਵੀਂ ਦਿੱਲੀ: ਕੇਂਦਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਬਾਰਡਰ 'ਤੇ ਡਟੇ ਹੋਏ ਹਨ। ਇਸ ਦਰਮਿਆਨ ਅੱਜ ਕੇਂਦਰ ਤੇ ਕਿਸਾਨਾਂ ਵਿਚਾਲੇ ਹੋਈ ਪੰਜਵੇਂ ਦੌਰ ਦੀ ਬੈਠਕ ਵੀ ਬੇਨਤੀਜਾ ਰਹੀ। ਦਰਅਸਲ ਇਸ ਮੀਟਿੰਗ 'ਚੋਂ ਫਿਰ ਇਕ ਹੋਰ ਮੀਟਿੰਗ ਨਿੱਕਲੀ ਹੈ। ਹੁਣ ਕਿਸਾਨਾਂ ਤੇ ਕੇਂਦਰ ਵਿਚਾਲੇ ਛੇਵੇਂ ਦੌਰ ਦੀ ਗੱਲਬਾਤ 9 ਦਸੰਬਰ ਨੂੰ ਬੁੱਧਵਾਰ ਦੁਪਹਿਰ 12 ਵਜੇ ਹੋਵੇਗੀ।
ਕਰੀਬ ਪੰਜ ਘੰਟੇ ਚੱਲੀ ਇਸ ਬੈਠਕ 'ਚ ਕਿਸਾਨਾਂ ਨੇ ਸਰਕਾਰ ਨੂੰ ਸਿੱਧਾ ਕਿਹਾ ਕਿ ਉਹ ਸਪਸ਼ਟ ਤੌਰ 'ਤੇ ਇਹ ਦੱਸਣ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਲਵੇਗੀ ਜਾਂ ਨਹੀਂ। ਇਸ ਤੋਂ ਬਾਅਦ ਸਰਕਾਰ ਨੇ ਅਗਲੀ ਬੈਠਕ 9 ਦਸੰਬਰ ਨੂੰ ਰੱਖੀ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਲਿਖਤੀ ਫੈਸਲਾ ਭੇਜੇ, ਫਿਰ ਬੈਠਕ 'ਚ ਸ਼ਾਮਲ ਹੋਣ 'ਤੇ ਫੈਸਲਾ ਲੈਣਗੇ।