ਸ਼ਸ਼ੀ ਥਰੂਰ ਤੇ ਪਾਕਿ ਪੱਤਰਕਾਰ ਦੇ ਵਿਆਹ ਦੀ ਖਬਰ ਉਡਾਉਣ ਵਾਲੇ ਦੀ ਸ਼ਾਮਤ
ਏਬੀਪੀ ਸਾਂਝਾ | 13 Aug 2018 02:29 PM (IST)
ਨਵੀਂ ਦਿੱਲੀ: ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨੇ ਕਾਂਗਰਸ ਲੀਡਰ ਸ਼ਸ਼ੀ ਥਰੂਰ ਨਾਲ ਵਿਆਹ ਦਾ ਦਾਅਵਾ ਕਰਨ ਵਾਲੇ ਫਰਜ਼ੀ ਟਵਿੱਟਰ ਅਕਾਊਂਟ ਨੂੰ ਦੱਬ ਕੇ ਲਤਾੜਿਆ ਹੈ। ਜ਼ਿਕਰਯੋਗ ਹੈ ਕਿ @CNNNews69 ਤੋਂ ਸੂਤਰ ਦੇ ਹਵਾਲੇ ਨਾਲ ਟਵੀਟ ਕੀਤਾ ਗਿਆ ਸੀ ਕਿ ਸ਼ਸ਼ੀ ਥਰੂਰ ਮੇਹਰ ਤਰਾਰ ਨਾਲ ਵਿਆਹ ਕਰਾਉਣ ਲਈ ਤਿਆਰ ਹਨ। ਇਹ ਟਵਿੱਟਰ ਅਕਾਊਂਟ ਖਬਰ ਚੈਨਲ CNN ਦੇ ਨਾਂ ’ਤੇ ਚੱਲ ਰਿਹਾ ਫਰਜ਼ੀ ਅਕਾਊਂਟ ਹੈ। ਇਸ ਟਵੀਟ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਮੇਹਰ ਨੇ ਲਿਖਿਆ ਕਿ ਇਹ ਮਜ਼ੇਦਾਰ ਗੱਲ ਹੈ ਕਿ ਲੋਕਾਂ ਨੇ ਇਸ ਪੈਰੋਡੀ ਅਕਾਊਂਟ ’ਤੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਜਿਸ ਦੇ ਮਹਿਜ਼ 66 ਫੋਲੋਵਰਜ਼ ਹਨ। ਹੈਰਾਨੀ ਹੁੰਦੀ ਹੈ ਕਿ ਲੋਕ ਮੁਢਲੀ ਜਾਂਚ ਕੀਤੇ ਬਿਨ੍ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ’ਤੇ ਯਕੀਨ ਕਰ ਲੈਂਦੇ ਹਨ। ਜਿਸ ਟਵਿੱਟਰ ਖਾਤੇ ਤੋਂ ਉਕਤ ਟਵੀਟ ਕੀਤਾ ਗਿਆ ਸੀ, ਉਹ ਮਹਿਜ਼ ਕੁਝ ਦਿਨ ਪਹਿਲਾਂ ਹੀ ਬਣਾਇਆ ਗਿਆ ਹੈ ਤੇ ਜਿਸ ਸਮੇਂ ਉਸ ’ਤੇ ਥਰੂਰ ਤੇ ਮੇਹਰ ਦੇ ਵਿਆਹ ਬਾਰੇ ਟਵੀਟ ਕੀਤਾ ਗਿਆ, ਉਸ ਸਮੇਂ ਉਸ ਹੈਂਡਲ ’ਤੇ ਸਿਰਫ 11 ਟਵੀਟ ਪਏ ਸਨ। @CNNNews69 ਵਾਲੇ ਹੈਂਡਲ ਦੀ ਬਾਇਓ ਵਿੱਚ ਲਿਖਿਆ ਹੈ, ‘ਪੂਰੀ ਤਰ੍ਹਾਂ ਪੈਰੋਡੀ, ਫੇਕ, ਕਿਸੇ ਨਿਊਜ਼ ਚੈਨਲ ਜਾਂ ਸੀਐਨਐਨ ਨਿਊਜ਼ 18 ਨਾਲ ਨਹੀਂ ਜੁੜਿਆ ਹੋਇਆ। ਹਾਲਾਂਕਿ ਇਹ ਟਵੀਟ ਕਰਨ ਪਿੱਛੋਂ ਉਸ ਯੂਜ਼ਰ ਨੇ ਮੇਹਰ ਤਰਾਰ ਦੇ ਟਵੀਟ ਨੂੰ ਰੀਟਵੀਟ ਵੀ ਕੀਤਾ ਹੈ।