ਜੈਪੁਰ: ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਗਊ ਤਸਕਰੀ ਰੋਕਣ ਵਿੱਚ ਪੁਲਿਸ ਤੇ ਪ੍ਰਸ਼ਾਸਨ ਨੂੰ ਜਿੰਨੀ ਸਖਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ, ਓਨੀ ਹੋ ਨਹੀਂ ਰਹੀ। ਇਸੇ ਕਰਕੇ ਗਊ ਰਾਖਿਆਂ ਨੂੰ ਸੜਕਾਂ ’ਤੇ ਉੱਤਰਨਾ ਪੈ ਰਿਹਾ ਹੈ। ਗਊ ਹੱਤਿਆ ਰੋਕਣ ਦੀ ਪੈਰਵੀ ਕਰਦਿਆਂ ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੌਮ ਭਗਤ ਤੇ ਗਊ ਭਗਤ ਦੇਸ਼ ਵਿੱਚ ਕੋਈ ਨਹੀਂ। ਇੱਕ ਸਮਾਗਮ ਵਿੱਚ ਬਾਬਾ ਰਾਮਦੇਵ ਨੇ ਕਿਹਾ ਕਿ ਨਾਜਾਇਜ਼ ਤਰੀਕੇ ਨਾਲ ਗਾਵਾਂ ਨੂੰ ਬੁੱਚੜਖਾਨਿਆਂ ਵਿੱਚ ਕਟਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਰਾਮਦੇਵ ਨੇ ਕਿਹਾ ਕਿ ਗਊ ਕਾਤਲਾਂ ਖਿਲਾਫ ਕੋਈ ਨਹੀਂ ਬੋਲਦਾ, ਉਲਟਾ ਉਨ੍ਹਾਂ ਨੂੰ ਪ੍ਰੋਸਾਹਨ ਮਿਲਦਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਜੇ ਕੋਈ ਲਾਇਸੈਂਸ ਲੈ ਕੇ ਵੀ ਬੁੱਚੜਖਾਨਾ ਚਲਾ ਰਿਹਾ ਹੈ, ਤਾਂ ਵੀ ਉਹ ਉਸ ਦਾ ਸਮਰਥਨ ਨਹੀਂ ਕਰਦੇ। ਬਾਬਾ ਰਾਮਦੇਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਕੌਮ ਭਗਤ ਤੇ ਗਊ ਭਗਤ ਦੇਸ਼ ਵਿੱਚ ਹੋਰ ਕਿਹੜਾ ਹੋਏਗਾ। ਉਨ੍ਹਾਂ ਨੂੰ ਕੇਂਦਰ ਵਿੱਚ ਪੂਰਨ ਤੌਰ ’ਤੇ ਗਊ ਹੱਤਿਆ ਰੋਕਣ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ। ਹਾਲਾਂਕਿ ਚਾਰ ਸਾਲਾਂ ਵਿੱਚ ਕਾਨੂੰਨ ਬਣਿਆ ਨਹੀਂ ਪਰ ਉਹ ਅਜਿਹਾ ਕਾਨੂੰਨ ਬਣਨ ਦੀ ਉਮੀਦ ਲਾਈ ਬੈਠੇ ਹਨ।