ਮੁੰਬਈ: ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦਾ ਘਪਲਾ ਕਰਨ ਵਾਲੇ ਹੀਰਾ ਵਪਾਰੀ ਮੇਹੁਲ ਚੌਕਸੀ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਈਡੀ ਨੇ ਚੌਕਸੀ ਦੇ ਮੈਨੇਜਰ ਦੀਪਕ ਕੁਲਕਰਣੀ ਨੂੰ ਕੋਲਕਤਾ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ, ਜਦੋਂ ਉਹ ਹੌਂਗਕੌਂਗ ਤੋਂ ਵਾਪਸ ਆ ਰਿਹਾ ਸੀ। ਚੌਕਸੀ ਦੀ ਹੌਂਗ-ਕੌਂਗ ‘ਚ ਫਰਜ਼ੀ ਕੰਪਨੀ ਦਾ ਦੀਪਕ ਕੁਲਕਰਣੀ ਡਾਇਰੈਕਟਰ ਸੀ। ਉਸ ਖਿਲਾਫ ਸੀਬੀਆਈ ਤੇ ਈਡੀ ਪਹਿਲਾਂ ਹੀ ਲੁੱਕ-ਆਊਟ ਨੋਟਿਸ ਜਾਰੀ ਕਰ ਚੁੱਕੀ ਹੈ। ਇਸ ਤੋਂ ਪਹਿਲਾ 31 ਅਕਤੂਬਰ ਨੂੰ ਮੇਹੁਲ ਨੇ ਕਿਹਾ ਸੀ ਕਿ ਮੈਂ ਬਿਮਾਰ ਹਾਂ ਤੇ ਇਸ ਲਈ 41 ਘੰਟੇ ਲੰਬਾ ਸਫਰ ਤੈਅ ਨਹੀਂ ਕਰ ਸਕਦਾ। ਫਰਾਰ ਹੀਰਾ ਵਪਾਰੀ ਮੇਹੁਲ ਚੋਕਸੀ ਨੇ ਅਦਾਲਤ ਅੱਗੇ ਈਡੀ ਵੱਲੋਂ ਉਸ ਨੂੰ ਭਗੌੜਾ ਐਲਾਨ ਕਰਨ ਦਾ ਵਿਰੋਧ ਕੀਤਾ ਸੀ। ਇਸ ‘ਤੇ ਅਦਾਲਤ ਨੇ ਈਡੀ ਨੂੰ ਜਵਾਬ ਦੇਣ ਲਈ ਕਿਹਾ ਸੀ। ਮਾਮਲੇ ਦੀ ਸੁਣਵਾਈ 17 ਨਵੰਬਰ ਨੂੰ ਹੋਣੀ ਹੈ।