ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇੱਕ ਨਾਬਾਲਗ ਮੁੰਡੇ ਨੇ ਆਪਣੇ ਤਾਏ ਨੂੰ ਚਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਪੁਲਿਸ ਨੇ ਕਾਤਲ ਭਤੀਜੇ ਤੇ ਉਸ ਦੇ ਪਿਓ ਰਾਮਕੁਮਾਰ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਵੱਲੋਂ ਨਾਬਾਲਗ ਨੂੰ ਬਾਲ ਸੁਧਾਰ ਕੋਰਟ ‘ਚ ਭੇਜ ਦਿੱਤਾ ਗਿਆ ਹੈ ਤੇ ਵਾਰਦਾਤ ਵਾਲੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਅਰੂਯਾ ਸਿੰਘ ਨੇ ਦੱਸਿਆ ਕਿ ਪਿੰਡ ਕੰਹੜੀ ‘ਚ ਮੰਗਲਵਾਰ ਸਵੇਰੇ 11 ਵਜੇ 15 ਸਾਲਾ ਨੌਜਵਾਨ ਨੇ ਆਪਣੇ ਤਾਏ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ ਹੈ ਤੇ ਨਾਬਾਲਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਭ ਘਰੇਲੂ ਕਲੇਸ਼ ਦੇ ਚੱਲਦੇ ਹੋਇਆ।



ਇੰਨਾ ਹੀ ਨਹੀਂ ਇਹ ਸਾਰੀ ਘਟਨਾ ਸੀਸੀਟੀਵੀ ‘ਚ ਵੀ ਕੈਦ ਹੋ ਗਈ। ਇਸ ‘ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਨਾਬਾਲਗ ਸਾਹਿਲ ਆਪਣੇ ਤਾਏ ਨੂੰ ਲਗਾਤਾਰ 4 ਗੋਲੀਆਂ ਮਾਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ‘ਤੇ 302, 120ਬੀ, ਆਰਮਡ ਐਕਟ ਤਹਿਤ ਮਾਮਲਾ ਦਰਜ ਕਰ ਪਿਓ-ਪੁਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।