Misson 2024 : ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਨਵੀਂ ਜਾਨ ਪਾਉਣ ਲਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਪੇਸ਼ ਕੀਤੀ ਗਈ ਰਣਨੀਤੀ ਨੂੰ ਲੈ ਕੇ ਪਾਰਟੀ ਅੰਦਰ ਡੂੰਘਾਈ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਇਸੇ ਲੜੀ ਤਹਿਤ ਬੀਤੇ ਕੱਲ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਸੋਨੀਆ ਗਾਂਧੀ ਦੀ ਰਿਹਾਇਸ਼ 'ਤੇ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਪਾਰਟੀ ਦੇ ਸੀਨੀਅਰ ਨੇਤਾਵਾਂ ਅੰਬਿਕਾ ਸੋਨੀ, ਪੀ ਚਿਦੰਬਰਮ, ਕੇਸੀ ਵੇਣੂਗੋਪਾਲ ਅਤੇ ਕੁਝ ਹੋਰ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਦੀ ਰਿਹਾਇਸ਼ 'ਤੇ ਬੈਠਕ ਕੀਤੀ ਅਤੇ ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ 'ਤੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਕਿਸ਼ੋਰ ਕਾਂਗਰਸ 'ਚ ਸ਼ਾਮਲ ਹੋਣਗੇ ਜਾਂ ਨਹੀਂ ਅਤੇ ਜੇਕਰ ਅਜਿਹਾ ਕਰਦੇ ਹਨ ਤਾਂ ਪਾਰਟੀ 'ਚ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ, ਇਸ ਬਾਰੇ ਅਗਲੇ ਕੁਝ ਦਿਨਾਂ 'ਚ ਫੈਸਲਾ ਲਿਆ ਜਾ ਸਕਦਾ ਹੈ।



ਸੂਤਰਾਂ ਨੇ ਇਹ ਵੀ ਕਿਹਾ ਕਿ ਚੋਣ ਰਣਨੀਤੀਕਾਰ ਕਿਸ਼ੋਰ ਸ਼ੁੱਕਰਵਾਰ ਨੂੰ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਸਾਹਮਣੇ ਵਿਸਤ੍ਰਿਤ ਪੇਸ਼ਕਾਰੀ ਵੀ ਹਨ। ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਤਾਰਿਕ ਅਨਵਰ ਨੇ ਕਿਹਾ ਕਿ ਕਿਸ਼ੋਰ ਬਿਨਾਂ ਸ਼ਰਤ ਪਾਰਟੀ 'ਚ ਸ਼ਾਮਲ ਹੋਣਾ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਕਾਂਗਰਸ ਨੂੰ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਪ੍ਰਸ਼ਾਂਤ ਕਿਸ਼ੋਰ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਭਰੋਸੇ 'ਚ ਲੈਣਾ ਚਾਹੁੰਦੀ ਹੈ।

ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਵੀ ਸ਼ਾਮ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਹਾਲਾਂਕਿ ਉਨ੍ਹਾਂ ਦੀ ਗੱਲਬਾਤ ਦਾ ਮੁੱਖ ਕੇਂਦਰ ਰਾਜਸਥਾਨ ਰਿਹਾ, ਪਰ ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਮਾਮਲੇ 'ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ, ਜੋ ਇਸ 'ਤੇ ਵਿਚਾਰ ਕਰ ਰਹੀ ਹੈ। ਭਾਰਤੀ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਕਾਂਗਰਸ ਪ੍ਰਧਾਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਇਕ ਵਿਸ਼ੇ ਨੂੰ ਲੈ ਕੇ ਸੋਨੀਆ ਗਾਂਧੀ ਕੋਲ ਗਏ ਸਨ ਅਤੇ ਇਸ ਮੁਲਾਕਾਤ ਦਾ ਪ੍ਰਸ਼ਾਂਤ ਕਿਸ਼ੋਰ ਨਾਲ ਕੋਈ ਸਬੰਧ ਨਹੀਂ ਹੈ।

ਪ੍ਰਸ਼ਾਂਤ ਕਿਸ਼ੋਰ ਦੇ ਸੁਝਾਵਾਂ 'ਤੇ ਸਲਾਹ-ਮਸ਼ਵਰੇ ਦਾ ਦੌਰ ਜਾਰੀ

ਪ੍ਰਸ਼ਾਂਤ ਕਿਸ਼ੋਰ ਦੇ ਮੁੱਦੇ 'ਤੇ ਬੁੱਧਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ  ਪ੍ਰਸ਼ਾਂਤ ਦੇ ਸੁਝਾਵਾਂ 'ਤੇ ਅਗਲੇ 48 ਤੋਂ 72 ਘੰਟਿਆਂ 'ਚ ਸਲਾਹ-ਮਸ਼ਵਰੇ ਦਾ ਦੌਰ ਪੂਰਾ ਕਰ ਲਿਆ ਜਾਵੇਗਾ। ਪ੍ਰਸ਼ਾਂਤ ਕਿਸ਼ੋਰ ਨੇ ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨ ਦੀ ਰਿਹਾਇਸ਼ 'ਤੇ ਪਾਰਟੀ ਦੀ ਉੱਚ ਲੀਡਰਸ਼ਿਪ ਅਤੇ ਸੀਨੀਅਰ ਨੇਤਾਵਾਂ ਦੇ ਸਾਹਮਣੇ ਪਾਰਟੀ 'ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਦਾ ਖਾਕਾ ਪੇਸ਼ ਕੀਤਾ ਸੀ।