ਤਲਵਿੰਦਰ ਨੇ ਜੜਿਆ ਬੀਜੇਪੀ ਵਿਧਾਇਕਾ ਦੇ ਸ਼ਰੇਆਮ ਥੱਪੜ
ਏਬੀਪੀ ਸਾਂਝਾ | 13 Aug 2019 11:50 AM (IST)
ਇੱਕ ਨੌਜਵਾਨ ਨੇ ਹਰਿਆਣਾ ਦੀ ਬੀਜੇਪੀ ਵਿਧਾਇਕਾ ਸੰਤੋਸ਼ ਚੌਹਾਨ ਸਾਰਵਾਨ ਨੂੰ ਮੰਚ ’ਤੇ ਜਾ ਕੇ ਥੱਪੜ ਜੜ੍ਹ ਦਿੱਤਾ। ਇਹ ਘਟਨਾ ਸੋਮਵਾਰ ਨੂੰ ਮੁਲਾਣਾ ਹਲਕੇ ਦੇ ਪਿੰਡ ਸਰਦੇਹੜੀ ਵਿੱਚ ਹੋਈ। ਇਸ ਮਗਰੋਂ ਖੂਬ ਹੰਗਾਮਾ ਹੋ ਗਿਆ।
ਅੰਬਾਲਾ: ਇੱਕ ਨੌਜਵਾਨ ਨੇ ਹਰਿਆਣਾ ਦੀ ਬੀਜੇਪੀ ਵਿਧਾਇਕਾ ਸੰਤੋਸ਼ ਚੌਹਾਨ ਸਾਰਵਾਨ ਨੂੰ ਮੰਚ ’ਤੇ ਜਾ ਕੇ ਥੱਪੜ ਜੜ੍ਹ ਦਿੱਤਾ। ਇਹ ਘਟਨਾ ਸੋਮਵਾਰ ਨੂੰ ਮੁਲਾਣਾ ਹਲਕੇ ਦੇ ਪਿੰਡ ਸਰਦੇਹੜੀ ਵਿੱਚ ਹੋਈ। ਇਸ ਮਗਰੋਂ ਖੂਬ ਹੰਗਾਮਾ ਹੋ ਗਿਆ। ਵਿਧਾਇਕ ਇੱਥੇ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਆਈ ਸੀ। ਇੱਥੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਫੜ ਕੇ ਕੁਟਾਪਾ ਚਾੜ੍ਹਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਨੌਜਵਾਨ ਦੀ ਪਛਾਣ ਤਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਸਰਦੇਹੜੀ ਵਜੋਂ ਹੋਈ ਹੈ। ਹਾਸਲ ਜਾਣਕਾਰੀ ਅਨੁਸਾਰ ਵਿਧਾਇਕਾ ਸਾਰਵਾਨ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਤੇ ਲੋਕਾਂ ਨੂੰ 19 ਅਗਸਤ ਦੇ ਮੁੱਖ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਪਿੰਡ ਪਹੁੰਚੀ ਸੀ। ਜਦੋਂ ਉਹ ਪਿੰਡ ਵਾਲਿਆਂ ਨੂੰ ਸੰਬੋਧਨ ਕਰ ਰਹੀ ਸੀ ਤਾਂ ਨੌਜਵਾਨ ਮੰਚ ’ਤੇ ਚੜ੍ਹ ਗਿਆ। ਭਾਜਪਾ ਵਰਕਰਾਂ ਨੇ ਸੋਚਿਆ ਕਿ ਉਹ ਵਿਧਾਇਕ ਨੂੰ ਮਿਲਣ ਲਈ ਆਇਆ ਹੈ ਪਰ ਉਸ ਨੇ ਸਾਰਵਾਨ ਨੂੰ ਥੱਪੜ ਮਾਰ ਕੇ ਧੱਕਾ ਦੇ ਦਿੱਤਾ। ਉਸ ਦੀ ਹਰਕਤ ਦੇਖਦੇ ਸਾਰ ਹੀ ਵਿਧਾਇਕ ਦੇ ਸੁਰੱਖਿਆ ਮੁਲਾਜ਼ਮ ਉਸ ਵੱਲ ਵਧੇ ਪਰ ਇਸ ਤੋਂ ਪਹਿਲਾਂ ਲੋਕਾਂ ਨੇ ਫੜ ਕੇ ਉਸ ਨੂੰ ਕੁਟਾਪਾ ਚਾੜ੍ਹ ਦਿੱਤਾ। ਪੁਲਿਸ ਉਸ ਨੂੰ ਫੜ ਕੇ ਮੁਲਾਣਾ ਥਾਣੇ ਵਿੱਚ ਲੈ ਗਈ। ਪੁਲਿਸ ਮੁਤਾਬਕ ਨੌਜਵਾਨ ਦੀ ਦਿਮਾਗੀ ਤੌਰ ’ਤੇ ਹਾਲਤ ਠੀਕ ਨਹੀਂ ਹੈ। ਇਸ ਮਾਮਲੇ ਵਿੱਚ ਪੁਲਿਸ ਕੋਲ ਅਜੇ ਤੱਕ ਕਿਸੇ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।