ਚੰਡੀਗੜ੍ਹ: ਪਾਣੀਪਤ 'ਚ 500 ਬੈੱਡਾਂ ਦਾ ਕੋਵਿਡ ਹਸਪਤਾਲ ਬਣਾਇਆ ਜਾ ਰਿਹਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਹਿਲੇ ਗੇੜ 'ਚ ਬੁੱਧਵਾਰ 250 ਬੈਡ ਤਿਆਰ ਕਰਨੇ ਸ਼ੁਰੂ ਕੀਤੇ ਜਾਣਗੇ। ਤਿੰਨ ਦਿਨ 'ਚ ਇਸ ਦਾ ਢਾਂਚਾ ਖੜਾ ਹੋ ਜਾਵੇਗਾ। ਉਸ ਤੋਂ ਬਾਅਦ 10 ਜਾਂ 12 ਦਿਨ 'ਚ ਇਹ ਹਸਪਤਾਲ ਬਣ ਕੇ ਤਿਆਰ ਹੋ ਜਾਵੇਗਾ। ਬਾਕੀ 250 ਬੈਡ ਉਸ ਤੋਂ ਬਾਅਦ ਆਉਣ ਵਾਲੇ 15 ਦਿਨ ਤਕ ਤਿਆਰ ਕਰ ਲਏ ਜਾਣਗੇ। 


ਉਨ੍ਹਾਂ ਸਬੰਧਤ ਅਧਿਕਾਰੀਆਂ ਤੇ ਮੌਕੇ 'ਤੇ ਹੀ ਬੁਲਾਏ ਗਏ ਠੇਕੇਦਾਰ ਨੂੰ ਹੁਕਮ ਦਿੱਤੇ ਕਿ ਇਹ ਕੰਮ ਯੁੱਧ ਪੱਧਰ 'ਤੇ ਹੀ ਚੱਲਣਾ ਚਾਹੀਦਾ ਹੈ। ਇਸ ਦੀ ਸਮੱਗਰੀ ਆਦਿ ਮੰਗਾਉਣ ਦਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਵੋ। ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦਿੱਤਾ ਜਾਵੇਗੀ।


ਉਨ੍ਹਾਂ ਕਿਹਾ ਕਿ ਆਕਸੀਜਨ ਪਲਾਂਟ ਦੇ ਸਾਹਮਣੇ ਬਣਨ ਨਾਲ ਇਸਦੀ ਮੁੱਖ ਸੜਕ ਤੋਂ ਵੀ ਦੂਰੀ ਘਟ ਜਾਵੇਗੀ ਤੇ ਸਿੱਧੇ ਤੌਰ 'ਤੇ ਹਸਪਤਾਲ ਨੂੰ ਰਾਹ ਮਿਲੇਗਾ। ਉਨ੍ਹਾਂ ਰਿਫਾਇਨਰੀ ਦੇ ਅਧਿਕਾਰੀਆਂ ਨਾਲ ਆਕਸੀਜਨ ਪਲਾਂਟ ਦੇ ਅੰਦਰ ਖਾਲੀ ਜ਼ਮੀਨ ਦੀ ਵੀ ਸੰਭਾਵਨਾ ਜਤਾਉਂਦਿਆਂ ਉਨ੍ਹਾਂ ਤੋਂ ਇਸ ਬਾਰੇ ਜਾਣਕਾਰੀ ਲਈ। ਪਰ ਰਿਫਾਇਨਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਆਕਸੀਜਨ ਪਲਾਂਟ ਅੰਦਰ ਏਨੀ ਥਾਂ ਖਾਲੀ ਨਹੀਂ ਹੈ। ਇਸ ਲਈ ਪਲਾਂਟ ਦੇ ਸਾਹਮਣੇ ਵਾਲੀ ਥਾਂ 'ਤੇ ਹੀ ਇਹ ਠੀਕ ਰਹੇਗਾ।


ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਦੇ ਅੰਦਰ ਸ਼ੈੱਡ ਬਣ ਕੇ ਖੜਾ ਹੋ ਜਾਵੇਗਾ। ਜ਼ਿਲ੍ਹਾ ਪੱਧਰ 'ਤੇ ਮਜਬੂਤ ਵਿਵਸਥਾ ਤਿਆਰ ਕੀਤੀ ਜਾਵੇਗੀ ਤਾਂ ਕਿ ਕੋਈ ਵੀ ਹਸਪਤਾਲ ਕਾਲਾਬਜ਼ਾਰੀ ਨਾ ਕਰੇ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੈ ਤੇ ਰੇਮਡੀਸਿਵਿਰ ਲਈ ਸਰਕਾਰੀ ਕੋਟਾ ਨਿਰਧਾਰਤ ਕੀਤਾ ਗਿਆ ਹੈ।


ਪ੍ਰਾਈਵੇਟ ਹਸਪਤਾਲਾਂ 'ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਜਿੰਨ੍ਹਾਂ ਕੋਟਾ ਤੈਅ ਕੀਤਾ ਗਿਆ ਹੈ ਉਸ ਹਿਸਾਬ ਨਾਲ ਮਿਲ ਰਹੀ ਹੈ। ਕਾਲਾਬਜ਼ਾਰੀ ਰੱਖਣ ਵਾਲਿਆਂ ਲਈ ਸਖਤ ਹਿਦਾਇਤ ਦਿੱਤੀ ਗਈ ਹੈ ਤੇ ਇਨਾਂ 'ਤੇ ਲਗਾਮ ਲਾਈ ਜਾਵੇਗੀ। ਆਕਸੀਜਨ ਦੀ ਕਮੀ ਦੇ ਚੱਲਦਿਆਂ ਹਿਸਾਰ ਤੇ ਗੁਰੂਗ੍ਰਾਮ 'ਚ ਹੋਈਆਂ ਮੌਤਾਂ ਤੇ ਸੀਐਮ ਨੇ ਕਿਹਾ ਕਿ ਐਸਡੀਐਮ ਨੂੰ ਜਾਂਚ ਸੌਂਪ ਦਿੱਤੀ ਗਈ ਹੈ ਜੋ ਵੀ ਦੋਸ਼ੀ ਮਿਲੇਗਾ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।