Mobile Recharge: ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਹਿੱਸਾ ਤਾਂ ਬਣ ਗਿਆ ਹੈ ਪਰ ਥੋੜ੍ਹੀ ਜਿਹੀ ਲਾਪ੍ਰਵਾਹੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਅਸੀਂ ਅਕਸਰ ਹੀ ਫੋਨ ਦੀ ਬੈਟਰੀ ਵਿੱਚ ਧਮਾਕੇ ਹੋਣ ਦੀਆਂ ਖਬਰਾਂ ਸੁਣਦੇ ਰਹਿੰਦੇ ਹਨ। ਹੁਣ ਇੱਕ ਹੋਰ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਮੋਬਾਈਲ ਫੋਨ ਨੂੰ ਚਾਰਜ ਕਰਨ ਦੇ ਚੱਕਰ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਭਾਬੀ ਹਸਪਤਾਲ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।



ਦਰਅਸਲ ਇਹ ਖ਼ਬਰ ਰਾਜਸਥਾਨ ਦੇ ਬਾਰਾਨ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਵੱਡੀ ਘਟਨਾ ਵਾਪਰੀ ਹੈ। ਮੋਬਾਈਲ ਚਾਰਜ ਕਰਦੇ ਸਮੇਂ ਅਚਾਨਕ ਹਾਈ ਵੋਲਟੇਜ ਕਰੰਟ ਆਉਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਝੁਲਸ ਗਏ। ਇਨ੍ਹਾਂ ਵਿੱਚ ਦੋ ਦੀ ਮੌਤ ਹੋ ਗਈ ਤੇ ਤੀਜੇ ਦੀ ਹਾਲਤ ਬਹੁਤ ਗੰਭੀਰ ਹੈ। ਉਹ ਹਸਪਤਾਲ ਵਿੱਚ ਦਾਖ਼ਲ ਹੈ। ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ।


ਕਸਬਾ ਥਾਣਾ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੰਵਾਦਾ ਰੋਡ 'ਤੇ ਰਹਿਣ ਵਾਲੇ ਧਰਮਿੰਦਰ, ਉਸ ਦੀ ਭਾਬੀ ਤੇ ਉਸ ਦੇ ਭਰਾ ਨਾਲ ਵਾਪਰੀ ਹੈ। ਧਰਮਿੰਦਰ ਸਵੇਰੇ ਆਪਣਾ ਮੋਬਾਈਲ ਫ਼ੋਨ ਚਾਰਜ 'ਤੇ ਲਾ ਰਿਹਾ ਸੀ। ਇਸ ਦੌਰਾਨ ਉਸ ਦਾ ਭਰਾ ਕਪਿਲ ਕਮਰੇ 'ਚ ਮੌਜੂਦ ਸੀ। ਮੋਬਾਈਲ ਫੋਨ ਨੂੰ ਚਾਰਜ 'ਤੇ ਲਾਉਂਦੇ ਵੇਲੇ ਅਚਾਨਕ ਧਰਮਿੰਦਰ ਨੂੰ ਜ਼ੋਰਦਾਰ ਝਟਕਾ ਲੱਗਾ। 


ਇਹ ਵੇਖ ਕਪਿਲ ਨੂੰ ਕੁਝ ਸਮਝ ਨਹੀਂ ਆਇਆ। ਉਸ ਨੇ ਜਿਵੇਂ ਹੀ ਉਸ ਨੇ ਆਪਣੇ ਭਰਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਰੰਟ ਲੱਗ ਗਿਆ। ਇਸ ਮਗਰੋਂ ਨਾਲ ਵਾਲੇ ਕਮਰੇ ਵਿੱਚ ਕੰਮ ਕਰ ਰਹੀ ਧਰਮਿੰਦਰ ਦੀ ਭਰਜਾਈ ਚਾਂਦਨੀ ਵੀ ਆਪਣੇ ਦਿਓਰ ਨੂੰ ਬਚਾਉਣ ਦੇ ਚੱਕਰ ਵਿੱਚ ਬਿਜਲੀ ਨਾਲ ਚੰਬੜ ਗਈ।



ਪੁਲਿਸ ਮੁਤਾਬਕ ਤਿੰਨੋਂ ਜਣੇ ਕਾਫੀ ਦੇਰ ਤੱਕ ਇਸੇ ਹਾਲਤ ਵਿੱਚ ਪਏ ਰਹੇ। ਇਸ ਮਗਰੋਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਦੋਂ ਤੱਕ ਕਪਿਲ ਤੇ ਧਰਮਿੰਦਰ ਦੀ ਮੌਤ ਹੋ ਚੁੱਕੀ ਸੀ। ਚਾਂਦਨੀ ਗੰਭੀਰ ਹਾਲਤ 'ਚ ਹਸਪਤਾਲ ਦਾਖਲ ਹੈ। 


ਦੱਸ ਦਈਏ ਕਿ ਪਿਛਲੇ ਮਹੀਨੇ ਹੀ ਚਾਂਦਨੀ ਦੇ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪਰਿਵਾਰ ਅਜੇ ਆਪਣੇ ਆਪ ਨੂੰ ਸੰਭਾਲ ਵੀ ਨਹੀਂ ਪਾਇਆ ਸੀ ਕਿ ਹੁਣ ਦੋ ਹੋਰ ਭਰਾਵਾਂ ਦੀ ਜਾਨ ਚਲੀ ਗਈ।


ਹੋਰ ਪੜ੍ਹੋ : ਤਾਰ 'ਤੇ ਤੌਲੀਆ ਸੁਕਾਉਣ ਨਾਲ ਪੂਰਾ ਪਰਿਵਾਰ ਖਤਮ! ਪਤੀ, ਪਤਨੀ ਤੇ ਪੁੱਤਰ ਦੀ ਤੜਪ-ਤੜਪ ਕੇ ਮੌਤ