ਹਜ਼ਾਰੀਬਾਗ਼: ਤ੍ਰਿਣਮੂਲ ਕਾਂਗਰਸ ਤੇ ਮੀਤ ਪ੍ਰਧਾਨ ਤੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਰਹਿ ਚੁੱਕੇ ਯਸ਼ਵੰਤ ਸਿਨ੍ਹਾ ਨੇ ਆਪਣੀ ਪੁਰਾਣੀ ਪਾਰਟੀ ਦੇ ਸਿਖਰਲੇ ਲੀਡਰਾਂ ਨੂੰ ਕਸੂਤੀ ਸਲਾਹ ਦੇ ਦਿੱਤੀ ਹੈ। ਸਿਨ੍ਹਾ ਨੇ ਕਿਹਾ ਕਿ ਪੱਛਮੀ ਬੰਗਾਲ ਚੋਣਾਂ ਦੇ ਨਤੀਜਿਆਂ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


Modi and Shah should resign after the results of West Bengal said Yashwant Sinha


ਹਜ਼ਾਰੀਬਾਗ਼ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਯਸ਼ਵੰਤ ਸਿਨ੍ਹਾ ਨੇ ਇੱਥੇ ਆਪਣੇ ਗ੍ਰਹਿ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਵੇਂ ਭਾਜਪਾ ਦੇ ਇਨ੍ਹਾਂ ਸੀਨੀਅਰ ਨੇਤਾਵਾਂ ਨੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਜੀ ਹਮਲੇ ਕੀਤੇ ਸਨ, ਇਸ ਨਾਲ ਇੱਥੋਂ ਦੀ ਜਨਤਾ ਇਨ੍ਹਾਂ ਨਾਲ ਬਹੁਤ ਨਾਰਾਜ਼ ਹੋਈ ਹੈ ਅਤੇ ਅਜਿਹੇ ਚੋਣ ਨਤੀਜੇ ਵੀ ਇਸੇ ਨਾਰਾਜ਼ਗੀ 'ਚੋਂ ਨਿੱਕਲੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਹਾਰ ਦੀ ਜ਼ਿੰਮੇਵਾਰੀ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੂੰ ਲੈਣੀ ਚਾਹੀਦੀ ਹੈ।


ਸਿਨ੍ਹਾ ਨੇ ਦਿੱਤੇ ਸਵਾਲਾਂ ਦੇ ਜਵਾਬ


ਇੱਕ ਸਵਾਲ ਦੇ ਜਵਾਬ ਵਿੱਚ ਯਸ਼ਵੰਤ ਸਿਨ੍ਹਾ ਨੇ ਕਿਹਾ ਕਿ ਅਗਲੇ ਸਾਲ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਸਾਲ 2024 ਦੀਆਂ ਆਮ ਚੋਣਾਂ ਵਿੱਚ ਵੀ ਪੱਛਮੀ ਬੰਗਾਲ ਵਿਧਾਨ ਸਭਾ ਚੋਣ ਨਤੀਜਿਆਂ ਦਾ ਅਸਰ ਲਾਜ਼ਮੀ ਤੌਰ 'ਤੇ ਪਵੇਗਾ। 
ਦੱਸਣਾ ਬਣਦਾ ਹੈ ਕਿ 294 ਮੈਂਬਰੀ ਵਿਧਾਨ ਸਭਾ ਲਈ 292 ਸੀਟਾਂ ਦੀਆਂ ਚੋਣਾਂ ਦੇ ਨਤੀਜਿਆਂ ਤੇ ਰੁਝਾਨਾਂ ਮੁਤਾਬਕ ਤ੍ਰਿਣਮੂਲ ਕਾਂਗਰਸ 214 ਸੀਟਾਂ 'ਤੇ ਅਤੇ ਮੁੱਖ ਵਿਰੋਧੀ ਭਾਜਪਾ 76 ਸੀਟਾਂ 'ਤੇ ਅੱਗੇ ਹੈ। ਜਦਕਿ ਕਮਿਊਨਿਸਟ ਪਾਰਟੀਆਂ ਤੇ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀਆਂ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੂੰ 211 ਸੀਟਾਂ ਮਿਲੀਆਂ ਸਨ ਜਦਕਿ ਭਾਜਪਾ ਦੇ ਖਾਤੇ ਸਿਰਫ ਤਿੰਨ ਸੀਟਾਂ ਆਈਆਂ ਸਨ।