ਨਵੀਂ ਦਿੱਲੀ: ਨਵੀਂ ਦਿੱਲੀ: ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ ਘਟੀਆਂ ਪਰ ਭਾਰਤ 'ਚ ਫਿਰ ਵੀ ਕੀਮਤਾਂ ਵਧ ਰਹੀਆਂ ਹਨ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਠਕ ਵੀ ਸੱਦੀ ਹੈ, ਜਿਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਹਨ। ਬੈਠਕ ਵਿੱਚ ਕੱਚੇ ਤੇਲ 'ਤੇ ਵਧਦੀ ਨਿਰਭਰਤਾ ਘਟਾਉਣ ਲਈ ਚਰਚਾ ਹੋ ਰਹੀ ਹੈ।


ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੋਦੀ ਸਰਕਾਰ ਨੇ ਢਾਈ-ਢਾਈ ਰੁਪਏ ਦੇ ਹਿਸਾਬ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਸੀ। ਪਰ ਇਸ ਤੋਂ ਬਾਅਦ ਅੱਠ ਦਿਨਾਂ ਵਿੱਚ ਡੀਜ਼ਲ ਇੱਕ ਰੁਪਿਆ 95 ਪੈਸੇ ਤੇ ਪੈਟਰੋਲ 98 ਪੈਸੇ ਮਹਿੰਗਾ ਹੋਇਆ ਹੈ।

ਅੱਜ ਵੀ ਦੇਸ਼ ਵਿੱਚ ਪੈਟਰੋਲ 12 ਪੈਸੇ ਤੇ ਡੀਜ਼ਲ 28 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੋਰ ਮਹਿੰਗਾ ਹੋ ਗਿਆ। ਤਾਜ਼ਾ ਕੀਮਤਾਂ ਮੁਤਾਬਕ ਦਿੱਲੀ ਚ ਪੈਟਰੋਲ ਦੀ ਕੀਮਤ 82 ਰੁਪਏ 48 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 74 ਰੁਪਏ 90 ਪੈਸੇ ਪ੍ਰਤੀ ਲੀਟਰ ਹੋ ਗਈ ਹੈ।

ਦੂਜੇ ਪਾਸੇ ਮੁੰਬਈ ਚ ਪੈਟਰੋਲ 87 ਰੁਪਏ 94 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 78 ਰੁਪਏ 51 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਵਿਕ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ 86 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 81 ਡਾਲਰ ਤਕ ਆ ਗਏ ਹਨ।

ਤੇਲ ਦੀਆਂ ਵਧਦੀਆਂ ਕੀਮਤਾਂ ਦੇ ਮੁੱਦੇ 'ਤੇ ਕਾਂਗਰਸ ਲਗਾਤਾਰ ਹਮਲਾਵਰ ਰੌਂਅ ਵਿੱਚ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇੱਕ ਹੱਥੋਂ ਲਿਆ ਤੇ ਦੂਜੇ ਹੱਥੋਂ ਖੋਹ ਵੀ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਜੀ ਇੱਕ ਹਫ਼ਤੇ ਵਿੱਚ ਜਨਤਾ ਨੂੰ ਕਿਵੇਂ ਠੱਗਿਆ ਜਾਵੇ, ਇਹ ਕੋਈ ਤੁਹਾਡੇ ਤੋਂ ਸਿੱਖੇ।