ਚੰਡੀਗੜ੍ਹ: ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਪ੍ਰਕਿਰਿਆ ਜਾਰੀ ਹੈ। ਅੱਜ ਅੱਠਵੇਂ ਦਿਨ ਡੀਜ਼ਲ ਦੀ ਕੀਮਤ ਵਿੱਚ ਵੱਡਾ ਵਾਧਾ ਹੋਇਆ। ਇਸੇ ਤਰ੍ਹਾਂ, ਅੱਜ 7ਵੇਂ ਦਿਨ ਪੈਟਰੋਲ ਦੇ ਭਾਅ ਵਧੇ। ਕੌਮੀ ਰਾਜਧਾਨੀ ਦਿੱਲੀ ਵਿੱਚ ਡੀਜ਼ਲ ਦੀ ਕੀਮਤ ਵਿੱਚ 28 ਪੈਸੇ ਤੇ ਪੈਟਰੋਲ ਦੀ ਕੀਮਤ ਵਿੱਚ 12 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਇਸ ਦੇ ਨਾਲ ਹੀ ਇੱਕ ਲੀਟਰ ਡੀਜ਼ਲ ਦੀ ਕੀਮਤ 74 ਰੁਪਏ 90 ਪੈਸੇ ਤੇ ਪੈਟਰੋਲ ਦੀ ਕੀਮਤ 82 ਰੁਪਏ 48 ਪੈਸੇ ਹੋ ਗਈ ਹੈ। ਮੁੰਬਈ ਵਿੱਚ ਪੈਟਰੋਲ ਤੇ ਡੀਜ਼ਲ ਦੇਸ਼ ਦੇ ਹੋਰ ਹਿੱਸਿਆਂ ਨਾਲੋਂ ਜ਼ਿਆਦਾ ਮਹਿੰਗੇ ਵੇਚੇ ਜਾ ਰਹੇ ਹਨ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 87 ਰੁਪਏ 94 ਪੈਸੇ ਤੇ ਡੀਜ਼ਲ ਦੀ 78 ਰੁਪਏ 51 ਪੈਸੇ ਪ੍ਰਤੀ ਲੀਟਰ ਹੈ।

ਕੇਂਦਰ ਦੀ ਮੋਦੀ ਸਰਕਾਰ ਨੇ 4 ਅਕਤੂਬਰ ਨੂੰ ਥੋੜ੍ਹੀ ਰਾਹਤ ਦਿੰਦਿਆਂ ਪੈਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਢਾਈ ਰੁਪਏ ਦੀ ਕਟੌਤੀ ਦਿੱਤੀ ਸੀ। ਉਸ ਤੋਂ ਬਾਅਦ ਵੀ ਜਿਸ ਹਿਸਾਬ ਨਾਲ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ, ਆਉਣ ਵਾਲੇ ਦਿਨਾਂ ਵਿੱਚ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਆਪਣੀ ਪਹਿਲੀ ਕੀਮਤ ਤੇ ਆ ਜਾਣਗੀਆਂ। ਪਿਛਲੇ 8 ਦਿਨਾਂ ਵਿੱਚ ਡੀਜ਼ਲ ਇੱਕ ਰੁਪਿਆ 95 ਪੈਸੇ ਤੇ ਪੈਟਰੋਲ 98 ਪੈਸੇ ਮਹਿੰਗਾ ਹੋਇਆ ਹੈ।

ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਹਿੰਗਾਈ ਦਾ ਖ਼ਦਸ਼ਾ ਵੀ ਵਧਦਾ ਜਾ ਰਿਹਾ ਹੈ, ਕਿਉਂਕਿ ਪੂਰਾ ਟ੍ਰਾਂਸਪੋਰਟ ਇਸੇ ’ਤੇ ਨਿਰਭਰ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਫਸਲ ਦੀ ਲਾਗਤ ਵਧ ਜਾਂਦੀ ਹੈ।