ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂਚ ਦੇ ਮਾਮਲੇ 'ਚ ਸੀਬੀਆਈ ਵੱਲੋਂ ਯੂ-ਟਰਨ ਲੈਂਦਿਆਂ ਜਾਂਚ ਜਾਰੀ ਰੱਖੇ ਜਾਣ ਪਿੱਛੇ ਡੂੰਘੀ ਸਾਜ਼ਿਸ਼ ਦਾ ਸ਼ੱਕ ਜਤਾਇਆ ਹੈ। ਦੱਸ ਦੇਈਏ ਸੀਬੀਆਈ ਨੇ ਸੀਬੀਆਈ ਅਦਾਲਤ ਕੋਲ ਆਪਣੀ ਹੀ ਕਲੋਜ਼ਰ ਰਿਪੋਰਟ ਉੱਤੇ ਅਸਥਾਈ ਰੋਕ ਲਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਦੀ ਨਰਿੰਦਰ ਮੋਦੀ ਤੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਬੇਅਦਬੀ ਮਾਮਲੇ ਦੀ ਜਾਂਚ ਦਾ ਮਜ਼ਾਕ ਬਣਾਉਣ ਦਾ ਦੋਸ਼ ਲਾਇਆ ਹੈ।
'ਆਪ' ਆਗੂਆਂ ਨੇ ਕਿਹਾ ਕਿ 4 ਸਾਲਾਂ 'ਚ ਸੀਬੀਆਈ ਸਮੇਤ ਸੂਬੇ ਦੀਆਂ 4 ਜਾਂਚ ਏਜੰਸੀਆਂ ਜਾਂਚ ਨੂੰ ਅੰਜਾਮ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚਾ ਸਕੀਆਂ। ਇਸ ਦਾ ਸਿੱਧਾ ਕਾਰਨ ਸਿਆਸੀ ਦਖ਼ਲ ਅੰਦਾਜ਼ੀ ਹੈ ਤਾਂ ਕਿ ਅਸਲੀ ਦੋਸ਼ੀ ਬਚੇ ਰਹਿਣ। ਮੋਦੀ ਸਰਕਾਰ ਕੈਪਟਨ ਤੇ ਬਾਦਲ ਸਭ ਰਲ-ਮਿਲ ਕੇ ਅਸਲੀ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰ ਰਹੇ। ਉਨ੍ਹਾਂ ਕਿਹਾ ਕਿ ਸੀਬੀਆਈ ਦਾ ਤਾਜ਼ਾ ਪੈਂਤੜਾ ਇਸੇ ਸਾਜ਼ਿਸ਼ ਦਾ ਹਿੱਸਾ ਹੈ ਕਿ ਜਾਂਚ ਦੀ ਤੰਦ ਹੋਰ ਉਲਝਾ ਦਿੱਤੀ ਜਾਵੇ ਤਾਂ ਕਿ ਜਾਂਚ ਸਾਲਾਂ-ਬੱਧੀ ਹੋਰ ਲਟਕੀ ਰਹੇ।
ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਵਿਧਾਨ ਸਭਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜਦ ਸੂਬਾ ਸਰਕਾਰ ਨੇ ਸੀਬੀਆਈ ਤੋਂ ਜਾਂਚ ਦੀ ਵਾਪਸ ਲੈ ਲਈ ਸੀ ਤਾਂ ਸੀਬੀਆਈ ਨੇ ਕਾਨੂੰਨੀ ਪ੍ਰਕਿਰਿਆ 'ਚ ਅੜਿੱਕਾ ਡਾਹੁੰਦਿਆਂ ਕਲੋਜ਼ਰ ਰਿਪੋਰਟ 'ਚ ਬਾਦਲਾਂ ਸਮੇਤ ਹੋਰ ਦੋਸ਼ੀਆਂ ਨੂੰ ਕਲੀਨ ਚਿੱਟ ਕਿਉਂ ਦਿੱਤੀ? ਫਿਰ ਜਦ ਕਲੋਜ਼ਰ ਰਿਪੋਰਟ ਪੇਸ਼ ਹੀ ਕਰ ਦਿੱਤੀ ਸੀ ਤਾਂ ਸੀਬੀਆਈ ਹੁਣ ਕਿਉਂ ਜਾਂਚ ਕਰਨ ਲਈ ਹੱਥ-ਪੈਰ ਮਾਰਨ ਲੱਗੀ ਹੈ? ਉਨ੍ਹਾਂ ਕਿਹਾ ਕਿ ਸੀਬੀਆਈ ਵੱਲੋਂ ਵਾਰ-ਵਾਰ ਬਦਲੇ ਜਾ ਰਹੇ ਪੈਂਤੜਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੀਬੀਆਈ 'ਪਿੰਜਰੇ ਦਾ ਤੋਤਾ' ਹੈ ਤੇ ਮੋਦੀ-ਅਮਿਤ ਸ਼ਾਹ ਤੇ ਬਾਦਲਾਂ ਦੇ ਬੋਲਾਂ 'ਤੇ ਪਹਿਰ ਦੇ ਰਹੀ ਹੈ।