ਪਾਨੀਪਤ: ਇਨਕਮ ਟੈਕਸ ਵਿਭਾਗ ਨੇ ਹਰਿਆਣਾ ਦੇ ਸਾਬਕਾ ਸੀਐਮ ਭਜਨ ਲਾਲ ਦੇ ਬੇਟਿਆਂ ਕੁਲਦੀਪ ਬਿਸ਼ਨੋਈ ਤੇ ਚੰਦਰਮੋਹਨ ਬਿਸ਼ਨੋਈ ਦੇ ਗੁਰੂਗ੍ਰਾਮ ‘ਚ ਮੌਜੂਦ 150 ਕਰੋੜ ਰੁਪਏ ਦੇ ਹੋਟਲ ਨੂੰ ਬੇਨਾਮੀ ਜਾਇਦਾਦ ਤਹਿਤ ਜ਼ਬਤ ਕਰ ਲਿਆ ਹੈ। ਇਹ ਸੰਪਤੀ ਬ੍ਰਾਈਟ ਸਟਾਰ ਹੋਟਲ ਪ੍ਰਾਈਵੇਟ ਲਿਮਟਿਡ ਦੇ ਨਾਂ ਤੋਂ ਖਰੀਦੀ ਗਈ ਸੀ। ਨਿਊਜ਼ ਏਜੰਸੀ ਮੁਤਾਬਕ ਇਨਕਮ ਟੈਕਸ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਕੰਪਨੀ ‘ਚ 34 ਫੀਸਦ ਸ਼ੇਅਰ ਇੱਕ ਫਰੰਟ ਕੰਪਨੀ ਦੇ ਨਾਂ ‘ਤੇ ਹਨ ਜੋ ਬ੍ਰਿਟਿਸ਼ ਵਰਜਿਨ ਆਈਲੈਂਡ ‘ਚ ਰਜਿਸਟਰਡ ਹੈ। ਇਸ ਦੇ ਨਾਲ ਹੀ ਇਹ ਯੂਏਈ ਤੋਂ ਆਪਰੇਟ ਹੁੰਦੀ ਹੈ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਬੇਨਾਮੀ ਜਾਇਦਾਦ ਕੁਲਦੀਪ ਬਿਸਨੋਈ ਤੇ ਚੰਦਰ ਮੋਹਨ ਦੀ ਹੈ। ਇਨਕਮ ਟੈਕਸ ਵਿਭਾਗ ਨੇ ਬਿਸ਼ਨੋਈ ਦੇ ਹਰਿਆਣਾ, ਦਿੱਲੀ ਤੇ ਹਿਮਾਚਲ ਸਣੇ 13 ਟਿਕਾਣਿਆਂ ‘ਤੇ 23 ਜੁਲਾਈ ਨੂੰ ਛਾਪੇਮਾਰੀ ਕੀਤੀ ਸੀ। 89 ਘੰਟੇ ਚੱਲੀ ਇਸ ਛਾਪੇਮਾਰੀ ‘ਚ 230 ਕਰੋੜ ਰੁਪਏ ਦੀ ਗੈਰ-ਕਾਨੂੰਨੀ ਸੰਪਤੀ ਤੇ ਟੈਕਸ ਚੋਰੀ ਦਾ ਖੁਲਾਸਾ ਹੋਇਆ ਸੀ।

ਇਨਕਮ ਟੈਕਸ ਅਫਸਰਾਂ ਨੇ ਪ੍ਰੈੱਸ ਨੋਟ ਜਾਰੀ ਕਰ ਕਿਹਾ ਸੀ ਕਿ ਛਾਪੇਮਾਰੀ ‘ਚ ਕਰੀਬ 30 ਕਰੋੜ ਦੀ ਘਰੇਲੂ ਆਮਦਨ ਟੈਕਸ ਚੋਰੀ ਤੇ 200 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਦਾ ਪਤਾ ਲੱਗਿਆ ਹੈ। ਇਹ ਜਾਇਦਾਦ ਬ੍ਰਿਟਿਸ਼ ਆਈਸਲੈਂਡ, ਪਨਾਮਾ, ਯੂਕੇ ਤੇ ਯੂਏਈ ‘ਚ ਹੈ।

ਅਧਿਕਾਰੀਆਂ ਨੇ 23 ਜੁਲਾਈ ਨੂੰ ਕੁਲਦੀਪ ਬਿਸ਼ਨੋਈ ਦੇ ਟਿਕਾਣਿਆਂ ‘ਤੇ ਛਾਪੇਮਾਰੀ ਸ਼ੁਰੂ ਕੀਤੀ ਸੀ। 89 ਘੰਟੇ ਚੱਲੀ ਕਾਰਵਾਈ ‘ਚ ਕੁਲਦੀਪ ਬਿਸ਼ਨੋਈ, ਪਤਨੀ ਰੇਨੁਕਾ ਬਿਸਨੋਈ, ਬੇਟਾ ਭਵਿਆ ਬਿਸ਼ਨੋਈ ਤੋਂ ਪੁੱਛਗਿੱਛ ਹੋਈ ਸੀ। ਇਸ ਤੋਂ ਬਾਅਦ ਕੁਲਦੀਪ ਨੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਝੂਠ ਦੱਸਿਆ ਸੀ।