ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ। ਉਨ੍ਹਾਂ ਪਾਣੀ ਦੇ ਪੁਰਾਣੇ ਬਿੱਲ ਮੁਆਫ ਕਰ ਦਿੱਤੇ ਹਨ। ਦਿੱਲੀ ਸਕੱਤਰੇਤ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜਦੋਂ 2015 ਵਿੱਚ ਉਹ ਦਿੱਲੀ ਦੀ ਸੱਤਾ 'ਚ ਆਏ ਸੀ ਤਾਂ ਪਾਣੀ ਦੀ ਮਾੜੀ ਹਾਲਤ ਸੀ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਉਨ੍ਹਾਂ ਬਹੁਤ ਸੁਧਾਰ ਕੀਤੇ ਹਨ।


ਉਨ੍ਹਾਂ ਦੱਸਿਆ ਕਿ 58 ਫੀਸਦੀ ਖੇਤਰਾਂ ਵਿੱਚ ਪਾਣੀ ਦੀ ਪਾਈਪ ਲਾਈਨ ਵਿਛੀ ਸੀ, ਉਨ੍ਹਾਂ 93 ਫੀਸਦੀ ਖੇਤਰ ਵਿੱਚ ਪਾਈਪ ਲਾਈਨ ਵਿਛਾ ਦਿੱਤੀ ਹੈ। ਦਿੱਲੀ ਵਿੱਚ 1200 ਐਮਜੀਡੀ ਦੀ ਜ਼ਰੂਰਤ ਹੈ, ਅੱਜ ਇੱਥੇ 940 ਐਮਜੀਡੀ ਪਾਣੀ ਦੀ ਸਪਲਾਈ ਹੋਈ ਹੈ। ਅਜੇ ਵੀ ਪਾਣੀ ਦੀ ਘਾਟ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਨੇ ਟੈਂਕਰ ਮਾਫੀਆ ਤੋਂ ਛੁਟਕਾਰਾ ਪਾ ਲਿਆ ਹੈ।


ਉਨ੍ਹਾਂ ਦੱਸਿਆ ਕਿ ਹੁਣ ਕਿਸੇ ਵੀ ਵਿਧਾਇਕ ਦੇ ਟੈਂਕਰ ਨਹੀਂ ਚੱਲਦੇ। 900 ਐਮਜੀਡੀ ਪਾਣੀ ਵਿੱਚੋਂ 600 ਐਮਜੀਡੀ ਪਾਣੀ ਦੀ ਨਿਗਰਾਨੀ ਲਈ 3000 ਫਲੋ ਮੀਟਰ ਲਾਏ ਗਏ ਹਨ। ਹੁਣ ਦਿੱਲੀ ਨੂੰ 24 ਘੰਟੇ ਪਾਣੀ ਦੇਣ ਦੀ ਯੋਜਨਾ ਹੈ। ਇਸ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਹੜ੍ਹਾਂ ਦੇ ਪਾਣੀ ਨੂੰ ਰੋਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਡੀਡੀਏ ਤੋਂ ਨਵੀਆਂ ਝੀਲਾਂ ਮਿਲੀਆਂ ਹਨ।


ਉਨ੍ਹਾਂ ਦੱਸਿਆ ਕਿ ਉਤਪਾਦਨ ਵਿੱਚ 30 ਤੋਂ ਲੈ ਕੇ 40 ਫੀਸਦੀ ਵਾਧਾ ਕੀਤਾ ਜਾਵੇਗਾ। ਪਾਣੀ ਦੇ ਬਿੱਲਾਂ ਦਾ ਬਕਾਇਆ ਬਹੁਤ ਜ਼ਿਆਦਾ ਹੈ। ਇੱਥੇ 5 ਤੋਂ 7 ਸਾਲ ਤਕ ਦੇ ਲੋਕਾਂ ਦੇ ਬਿੱਲ ਬਕਾਇਆ ਹਨ, ਇਨ੍ਹਾਂ ਨੂੰ ਮਾਫ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਘਰਾਂ ਵਿੱਚ ਮੀਟਰ ਚਾਲੂ ਹਨ, ਉਨ੍ਹਾਂ ਨੂੰ ਲਾਭ ਮਿਲੇਗਾ। 30 ਸਤੰਬਰ ਤਕ ਜੋ ਵੀ ਮੀਟਰ ਲਾ ਲਏਗਾ, ਉਸ ਨੂੰ ਵੀ ਇਸ ਦਾ ਲਾਭ ਮਿਲੇਗਾ।


ਉਨ੍ਹਾਂ ਦੱਸਿਆ ਕਿ ਈ ਤੋਂ ਐਚ ਵਰਗ ਤਕ ਦੇ ਬਿੱਲ ਪੂਰੀ ਤਰ੍ਹਾਂ ਮੁਆਫ ਕੀਤੇ ਜਾਣਗੇ। ਏ ਤੇ ਬੀ ਨੂੰ ਵੀ ਲਾਭ ਮਿਲੇਗਾ। ਵਪਾਰਕ ਮੀਟਰਾਂ ਨੂੰ ਵੀ ਛੋਟ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸਰਕਾਰ ਨੂੰ 600 ਕਰੋੜ ਦਾ ਮਾਲੀਆ ਲਾਭ ਮਿਲੇਗਾ। ਯੋਜਨਾ ਨਾਲ ਲੱਖਾਂ ਉਪਭੋਗਤਾਵਾਂ ਨੂੰ ਵੀ ਲਾਭ ਮਿਲੇਗਾ। ਇਸ ਸਮੇਂ 2500 ਕਰੋੜ ਦਾ ਬਕਾਇਆ ਘਰੇਲੂ ਮੀਟਰ ਤੇ 1500 ਕਰੋੜ ਦਾ ਵਪਾਰਕ ਮੀਟਰਾਂ ਦਾ ਬਕਾਇਆ ਹੈ।