ਨਵੀਂ ਦਿੱਲੀ: ਟੈਲੀਕਾਮ ਖੇਤਰ 'ਚ ਮੋਬਾਈਲ ਕੰਪਨੀਆਂ ਨੂੰ ਰਾਹਤ ਦੇਣ ਦੇ ਐਲਾਨ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਖਪਤਕਾਰਾਂ ਲਈ ਵੀ ਕਈ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਸੰਚਾਰ ਮੰਤਰਾਲੇ ਨੇ ਨਵਾਂ ਮੋਬਾਈਲ ਸਿਮ ਲੈਣ ਤੇ ਪ੍ਰੀਪੇਡ ਤੋਂ ਪੋਸਟਪੇਡ ਤੇ ਪੋਸਟਪੇਡ ਤੋਂ ਪ੍ਰੀਪੇਡ 'ਚ ਬਦਲਣ ਦੇ ਨਿਯਮਾਂ ਨੂੰ ਬਹੁਤ ਅਸਾਨ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸੰਚਾਰ ਮੰਤਰਾਲੇ ਦੁਆਰਾ ਜਾਰੀ ਆਦੇਸ਼ ਦੇ ਅਨੁਸਾਰ ਜੇ ਤੁਸੀਂ ਘਰ ਬੈਠੇ ਨਵਾਂ ਮੋਬਾਈਲ ਸਿਮ ਲੈਣਾ ਚਾਹੁੰਦੇ ਹੋ ਤਾਂ ਇਹ ਹੁਣ ਸੰਭਵ ਹੋ ਸਕੇਗਾ। ਇਸ ਲਈ ਤੁਹਾਨੂੰ ਸਿਰਫ਼ ਉਸ ਕੰਪਨੀ ਦੀ ਐਪ ਜਾਂ ਵੈਬਸਾਈਟ ਤੇ ਅਰਜ਼ੀ ਫ਼ਾਰਮ ਭਰਨਾ ਪਵੇਗਾ, ਜਿਸ ਕੰਪਨੀ ਦਾ ਸਿਮ ਕਾਰਡ ਲੈਣਾ ਹੈ।


ਫਾਰਮ ਭਰਦੇ ਸਮੇਂ ਬਿਨੈਕਾਰ ਨੂੰ ਇੱਕ ਆਪਸ਼ਨਲ ਨੰਬਰ ਭਰਨਾ ਹੋਵੇਗਾ, ਜਿਸ 'ਤੇ ਬਿਨੈਕਾਰ ਦੀ ਅਰਜ਼ੀ ਨੂੰ ਓਟੀਪੀ ਭੇਜ ਕੇ ਜਾਂਚਿਆ ਜਾ ਸਕਦਾ ਹੈ। ਇਹ ਸ਼ਰਤ ਵੀ ਰੱਖੀ ਗਈ ਹੈ ਕਿ ਮੋਬਾਈਲ ਕੰਪਨੀ ਬਿਨੈਕਾਰ ਬਾਰੇ ਸਾਰੀ ਜਾਣਕਾਰੀ ਸਿਰਫ਼ ਡਿਜੀਲੌਕਰ ਜਾਂ ਆਧਾਰ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਤੋਂ ਹੀ ਆਈਡੈਂਟਿਟੀਫਾਈ ਕਰ ਸਕੇਗੀ। ਕੰਪਨੀ ਵੱਲੋਂ ਆਧਾਰ ਤੋਂ ਜਾਣਕਾਰੀ ਲੈਣ ਦੀ ਸਥਿਤੀ 'ਚ ਬਿਨੈਕਾਰ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ।


ਜਾਣੋ ਤੁਹਾਨੂੰ ਕੀ ਕਰਨਾ ਹੈ?


ਬਿਨੈਕਾਰ ਨੂੰ ਆਪਣੇ ਫਾਰਮ 'ਤੇ ਆਪਣੀ ਫ਼ੋਟੋ ਤੇ ਇਕ ਵੀਡੀਓ ਵੀ ਅਪਲੋਡ ਕਰਨੀ ਹੋਵੇਗੀ। ਸਾਰੀ ਪ੍ਰਕਿਰਿਆ ਦੇ ਮੁਕੰਮਲ ਹੋਣ ਤੋਂ ਬਾਅਦ ਗਾਹਕਾਂ ਨੂੰ ਦਿੱਤੇ ਪਤੇ 'ਤੇ ਇਕ ਸਿਮ ਦੀ ਸਪਲਾਈ ਕੀਤੀ ਜਾਵੇਗੀ ਤੇ ਕੁਝ ਪ੍ਰਕਿਰਿਆਵਾਂ ਅਤੇ ਤਸਦੀਕਾਂ ਨੂੰ ਪੂਰਾ ਕਰਕੇ ਸਿਮ ਕਾਰਡ ਨੂੰ ਐਕਟਿਵ ਕੀਤਾ ਜਾ ਸਕਦਾ ਹੈ।


ਉਨ੍ਹਾਂ ਖਪਤਕਾਰਾਂ ਨੂੰ ਵੱਡੀ ਸਹੂਲਤ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ, ਜੋ ਮਾਰਕੀਟ ਵਿੱਚ ਜਾਂਦੇ ਹਨ ਅਤੇ ਮੋਬਾਈਲ ਸੇਵਾ ਕੰਪਨੀ ਦੀ ਦੁਕਾਨ ਜਾਂ ਸ਼ੋਅਰੂਮ ਤੋਂ ਨਵਾਂ ਮੋਬਾਈਲ ਸਿਮ ਕਾਰਡ ਲੈਂਦੇ ਹਨ। ਹੁਣ ਇਸ ਦੇ ਲਈ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੋਵੇਗੀ। ਮੌਜੂਦਾ ਸਮੇਂ 'ਚ ਸਿਮ ਲੈਣ ਲਈ ਆਧਾਰ ਜਾਂ ਕੋਈ ਹੋਰ ਦਸਤਾਵੇਜ਼ ਅਰਜ਼ੀ ਦੇ ਨਾਲ ਜਮ੍ਹਾਂ ਕਰਵਾਉਣੇ ਪੈਂਦੇ ਹਨ।


ਆਧਾਰ ਦੀ ਵਰਤੋਂ ਕਰਨ ਲਈ ਖਪਤਕਾਰਾਂ ਦੀ ਸਹਿਮਤੀ ਲਾਜ਼ਮੀ


ਹੁਣ ਨਵੇਂ ਮੋਬਾਈਲ ਕੁਨੈਕਸ਼ਨ ਲਈ ਆਧਾਰ ਤੋਂ ਪ੍ਰਾਪਤ ਜਾਣਕਾਰੀ ਰਾਹੀਂ ਹੀ ਖਪਤਕਾਰਾਂ ਨੂੰ ਨਵਾਂ ਸਿਮ ਦਿੱਤਾ ਜਾ ਸਕਦਾ ਹੈ। ਮੋਬਾਈਲ ਕੰਪਨੀਆਂ ਨੂੰ ਆਧਾਰ ਤੋਂ ਜਾਣਕਾਰੀ ਲੈਣ ਲਈ ਪ੍ਰਤੀ ਟ੍ਰਾਂਜੈਕਸ਼ਨ 1 ਰੁਪਏ ਖਰਚਣੇ ਪੈਣਗੇ। ਇਸ ਮਾਮਲੇ 'ਚ ਵੀ ਆਧਾਰ ਦੀ ਵਰਤੋਂ ਕਰਨ ਲਈ ਖਪਤਕਾਰਾਂ ਦੀ ਸਹਿਮਤੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ।


ਇਸੇ ਤਰ੍ਹਾਂ ਮੋਬਾਈਲ ਪ੍ਰੀਪੇਡ ਕਨੈਕਸ਼ਨ ਨੂੰ ਪੋਸਟਪੇਡ ਜਾਂ ਪੋਸਟਪੇਡ ਕਨੈਕਸ਼ਨ ਨੂੰ ਪ੍ਰੀਪੇਡ ਵਿੱਚ ਬਦਲਣਾ ਬਹੁਤ ਅਸਾਨ ਬਣਾਇਆ ਗਿਆ ਹੈ। ਇਸ ਦੇ ਲਈ ਵੈਰੀਫਿਕੇਸ਼ਨ ਸਿਰਫ਼ OTP ਰਾਹੀਂ ਹੀ ਕਰਨੀ ਹੋਵੇਗੀ।