ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ SC/ST ਐਕਟ ਵਿੱਚ ਕੀਤੀ ਤਰਮੀਮ ਬਾਰੇ ਮੁੜ ਵਿਚਾਰ ਕਰਨ ਲਈ ਅੱਜ ਕੇਂਦਰ ਸਰਕਾਰ ਨੇ ਮੁੜ ਤੋਂ ਸਿਖਰਲੀ ਅਦਾਲਤ ਨੂੰ ਬੇਨਤੀ ਕੀਤੀ ਹੈ। ਅੱਜ ਸਵੇਰ ਤੋਂ ਦਲਿਤ ਭਾਈਚਾਰੇ ਦੇ ਲੋਕ ਭਾਰਤ ਬੰਦ ਦੇ ਸੱਦੇ ਹੇਠ ਵੱਖ-ਵੱਖ ਥਾਈਂ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਬਾਅਦ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰੀਵਿਊ ਪਟੀਸ਼ਨ ਦਾਇਰ ਹੋਣ ਬਾਰੇ ਜਾਣਕਾਰੀ ਦਿੱਤੀ ਹੈ।
ਸਵੇਰ ਤੋਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਦਲਿਤ ਹਿੰਸਕ ਹੋ ਰਹੇ ਸਨ। ਕਈ ਥਾਵਾਂ 'ਤੇ ਅੱਗਜ਼ਨੀ ਤੇ ਭੰਨਤੋੜ ਵੀ ਕੀਤੀ ਗਈ। ਕਈ ਥਾਈਂ ਦਲਿਤਾਂ ਨੇ ਮੋਦੀ ਸਰਕਾਰ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ। ਪ੍ਰਦਰਸ਼ਨ ਹਿੰਸਕ ਹੁੰਦਾ ਵੇਖ ਸਰਕਾਰ ਨੇ ਤੁਰੰਤ ਰੀਵਿਊ ਪਟੀਸ਼ਨ ਦਾਇਰ ਕਰ ਦਿੱਤੀ ਹੈ।
ਕਾਨੂੰਨ ਮੰਤਰੀ ਨੇ ਕਿਹਾ ਕਿ ਰਾਖਵਾਂਕਰਨ ਸਮੇਤ ਹਰ ਮੁੱਦੇ 'ਤੇ ਸਰਕਾਰ ਦਲਿਤਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਵੇਗੀ। ਮੰਤਰੀ ਨੇ ਇਸ ਮੌਕੇ ਵੀ ਕਾਂਗਰਸ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇੰਨੇ ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਡਾ. ਅੰਬੇਦਕਰ ਨੂੰ ਭਾਰਤ ਰਤਨ ਨਹੀਂ ਦਿੱਤਾ।
ਉਧਰ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਜਿੱਥੇ ਦਲਿਤਾਂ ਦੇ ਬੰਦ ਦਾ ਸਮਰਥਨ ਕੀਤਾ ਉੱਥੇ ਮੋਦੀ ਸਰਕਾਰ ਤੇ ਆਰ.ਐਸ.ਐਸ. ਨੂੰ ਨਿਸ਼ਾਨਾ ਵੀ ਬਣਾਇਆ। ਰਾਹੁਲ ਨੇ ਟਵਿੱਟਰ 'ਤੇ ਲਿਖਿਆ, "ਦਲਿਤਾਂ ਨੂੰ ਭਾਰਤੀ ਸਮਾਜ ਦੇ ਸਭ ਤੋਂ ਹੇਠਲੇ ਪਾਏਦਾਨ 'ਤੇ ਰੱਖਣਾ RSS/BJP ਦੇ DNA ਵਿੱਚ ਹੈ। ਜੋ ਇਸ ਨੂੰ ਚੁਨੌਤੀ ਦਿੰਦਾ ਹੈ, ਉਸ ਨੂੰ ਉਹ ਹਿੰਸਾ ਨਾਲ ਦੱਬ ਦਿੰਦੇ ਹਨ। ਹਜ਼ਾਰਾਂ ਦਲਿਤ ਭੈਣ-ਭਾਈ ਅੱਜ ਸੜਕਾਂ 'ਤੇ ਉੱਤਰ ਮੋਦੀ ਸਰਕਾਰ ਤੋਂ ਆਪਣੇ ਹੱਕਾਂ ਦੀ ਰਾਖੀ ਦੀ ਮੰਗ ਕਰ ਰਹੇ ਹਨ। ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ।"