ਨਵੀਂ ਦਿੱਲੀ: ਮੋਦੀ ਸਰਕਾਰ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਮੁਹੱਈਆ ਕਰਵਾਉਣ ਲਈ ਬਜਟ ਤਿਆਰ ਕਰ ਰਹੀ ਹੈ। ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵੈਕਸੀਨ ਉੱਤੇ ਪ੍ਰਤੀ ਵਿਅਕਤੀ ਛੇ ਤੋਂ ਸੱਤ ਡਾਲਰ ਦਾ ਖ਼ਰਚਾ ਆਵੇਗਾ। ਇਸ ਲਈ ਸਰਕਾਰ ਨੇ 50,000 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਸਰਕਾਰ ਇਸ ਬਜਟ ਦਾ ਇੰਤਜ਼ਾਮ ਮੌਜੂਦਾ ਵਿੱਤੀ ਵਰ੍ਹੇ ਦੇ ਅਖੀਰ ਤੱਕ ਕਰ ਦੇਵੇਗੀ। ਇਹ ਵੀ ਖੁਲਾਸਾ ਹੋਇਆ ਕਿ ਇਸ ਦੀ ਇੱਕ ਡੋਜ਼ ਦੀ ਕੀਮਤ 150 ਰੁਪਏ ਦੇ ਕਰੀਬ ਹੋਏਗੀ। ਭਾਰਤ ਦੀ ਪਹਿਲੀ ਵੈਕਸੀਨ ਨੂੰ ਤੀਜੇ ਗੇੜ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰਨ ਦੀ ਇਜਾਜ਼ਤ ਮਿਲ ਗਈ ਹੈ। ਭਾਰਤ ਬਾਇਓਟੈੱਕ ਇੰਡੀਆ ਲਿਮਿਟੇਡ (BBIL) ਨੇ ਭਾਰਤੀ ਮੈਡੀਕਲ ਖੋਜ ਕੌਂਸਲ (ICMR) ਨਾਲ ਮਿਲ ਕੇ ਕੋਵੈਕਸੀਨ ਵੈਕਸੀਨ ਵਿਕਸਤ ਕੀਤੀ ਹੈ। ਲਗਪਗ ਤਿੰਨ ਮਹੀਨੇ ਪਹਿਲਾਂ ਜੁਲਾਈ ’ਚ ਭਾਰਤ ਬਾਇਓਟੈੱਕ ਨੂੰ ਪਹਿਲੇ ਤੇ ਦੂਜੇ ਗੇੜ ਦਾ ਮਨੁੱਖੀ ਪ੍ਰੀਖਣ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਤੀਜੇ ਗੇੜ ਦਾ ਮਨੁੱਖੀ ਪ੍ਰੀਖਣ ਅਗਲੇ ਮਹੀਨੇ ਸ਼ੁਰੂ ਹੋਣ ਦੀ ਆਸ ਹੈ। ਮੰਗਲਵਾਰ ਨੂੰ ਭਾਰਤੀ ਦਵਾ ਕੰਟਰੋਲ ਅਥਾਰਟੀ ਦੀ ਕਮੇਟੀ ਨੇ ਵੈਕਸੀਨ ਉੱਤੇ ਵਿਚਾਰ-ਵਟਾਂਦਰਾ ਕੀਤਾ ਤੇ ਮਨੁੱਖੀ ਪ੍ਰੀਖਣ ਦੀ ਪ੍ਰਕਿਰਿਆ ਵਿੱਚ ਮਾਮੂਲੀ ਤਬਦੀਲੀ ਦੀ ਸਲਾਹ ਦਿੰਦਿਆਂ ਪ੍ਰਵਾਨਗੀ ਦਿੱਤੀ। ਭਾਰਤ ’ਚ ਹੋਣ ਜਾ ਰਹੇ ਆਖ਼ਰੀ ਗੇੜ ਦੇ ਮਨੁੱਖੀ ਪ੍ਰੀਖਣ ਵਿੱਚ 28 ਹਜ਼ਾਰ 500 ਵਿਅਕਤੀ ਸ਼ਾਮਲ ਹੋਣਗੇ। ਖ਼ਬਰਾਂ ਮੁਤਾਬਕ ਵਲੰਟੀਅਰ ਨੂੰ 28 ਦਿਨਾਂ ਦੇ ਵਕਫ਼ੇ ਉੱਤੇ ਪ੍ਰਯੋਗਾਤਮਕ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਜਾਣਗੀਆਂ। ਕੋਵੈਕਸੀਨ ਦਾ ਪ੍ਰੀਖਣ ਦਿੱਲੀ, ਮੁੰਬਈ, ਪਟਨਾ, ਲਖਨਊ ਸਮੇਤ 19 ਥਾਵਾਂ ਉੱਤੇ ਹੋਵੇਗਾ। ਕੋਰੋਨਾ-ਵਾਇਰਸ ਵਿਰੁੱਧ ਜੰਗ ਲਈ ਕੋਵੈਕਸੀਨ ਭਾਰਤ ਦੀ ਪਹਿਲੀ ਦੇਸੀ ਵੈਕਸੀਨ ਉਮੀਦਵਾਰ ਹੈ। ਹੈਦਰਾਬਾਦ ਦੀ ਕੰਪਨੀ ਦੀ ਵਿਕਸਤ ਕੋਵੈਕਸੀਨ ਪ੍ਰਭਾਵਹੀਣ ਵੈਕਸੀਨ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਦਾ ਮਤਲਬ ਹੈ ਕਿ ਵਾਇਰਸ ਨੁੰ ਪ੍ਰਭਾਵਹੀਣ ਕਰ ਦਿੱਤਾ ਗਿਆ ਤੇ ਕਿਸੇ ਵਿਅਕਤੀ ਨੂੰ ਛੂਤਗ੍ਰਸਤ ਕਰਨ ਦੀ ਸਮਰੱਥਾ ਨਹੀਂ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904