ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਲਾਜ ਤਾਂ ਇੱਕ ਪਾਸੇ ਰਿਹਾ ਲੋਕ ਆਕਸੀਜਨ ਬਗੈਰ ਮਰ ਰਹੇ ਹਨ। ਹਸਪਤਾਲਾਂ ਵਿੱਚ ਮਰੀਜ਼ਾਂ ਲਈ ਬੈੱਡ ਹੀ ਨਹੀਂ ਬਚੇ। ਅਜਿਹੇ ਵਿੱਚ ਅਜਿਹੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਸ਼ਮਸ਼ਾਨ ਘਾਟਾਂ ਵਿੱਚ ਮੁਰਦਿਆਂ ਦੇ ਅੰਤਮ ਸੰਸਕਾਰ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਦਿੱਲੀ ਵਿੱਚ ਪਾਰਕ ਨੂੰ ਹੀ ਸ਼ਮਸ਼ਾਨ ਘਾਟ ਬਣਾਉਣਾ ਪਿਆ।


ਦੇਸ਼ ਵਿੱਚੋਂ ਆ ਰਹੀਆਂ ਭਿਆਨਕ ਤਸਵੀਰਾਂ ਮਗਰੋਂ ਸਵਾਲ ਉੱਠ ਰਹੇ ਹਨ ਕਿ ਸਰਕਾਰ ਮਰਨ ਵਾਲਿਆਂ ਬਾਰੇ ਅੰਕੜੇ ਛੁਪਾ ਰਹੀ ਹੈ। ਇਸ ਚਰਚਾ ਨੂੰ ਕਾਂਗਰਸੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਹਵਾ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਮਹਾਮਾਰੀ ਬਾਰੇ ਸੱਚ ਦਬਾਇਆ ਜਾ ਰਿਹਾ ਹੈ ਤੇ ਮੌਤਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।



ਰਾਹੁਲ ਗਾਂਧੀ ਨੇ ਟਵੀਟ ਕੀਤਾ,‘ਸੱਚ ਦਬਾਉਣਾ। ਆਕਸੀਜਨ ਦੀ ਘਾਟ ਤੋਂ ਮੁਨਕਰ ਹੋਣਾ। ਮੌਤਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਾ ਦੇਣਾ। ਭਾਰਤ ਸਰਕਾਰ ਸਭ ਕੁਝ ਕਰ ਰਹੀ ਹੈ....ਆਪਣੀ ਝੂਠੀ ਛਵੀ ਨੂੰ ਬਚਾਉਣ ਲਈ।’ ਉਨ੍ਹਾਂ ‘ਨਿਊਯਾਰਕ ਟਾਈਮਜ਼’ ਦੇ ਪਹਿਲੇ ਪੰਨੇ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਲਾਸ਼ਾਂ ਦਾ ਸਸਕਾਰ ਕਰਦਿਆਂ ਵਿਖਾਇਆ ਗਿਆ ਹੈ ਤੇ ਇਸ ਨੂੰ ਸਿਰਲੇਖ ਦਿੱਤਾ ਗਿਆ ਹੈ- ‘ਭਾਰਤ ’ਚ ਕੋਵਿਡ ਦਾ ਵਧ ਰਿਹਾ ਪ੍ਰਕੋਪ, ਨਹੀਂ ਦੱਸੀ ਜਾ ਰਹੀ ਮੌਤਾਂ ਦੀ ਅਸਲ ਗਿਣਤੀ।’


ਇਸ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ‘ਸਿਸਟਮ ਫੇਲ੍ਹ ਹੋ ਗਿਆ ਹੈ’ ਤੇ ਇਹ ਪਾਰਟੀ ਦਾ ਕਰਤੱਵ ਬਣਦਾ ਹੈ ਕਿ ਉਹ ਮੁਲਕ ’ਚ ਕੋਵਿਡ- 19 ਦੇ ਕੇਸਾਂ ਵਿੱਚ ਅਚਾਨਕ ਹੋਏ ਵਾਧੇ ਕਾਰਨ ਪ੍ਰਭਾਵਿਤ ਹੋ ਰਹੇ ਨਾਗਰਿਕਾਂ ਨੂੰ ਮਦਦ ਮੁਹੱਈਆ ਕਰਵਾਉਣ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਕੋਵਿਡ-19 ਦੀ ਦੂਜੀ ਲਹਿਰ ਵੱਲੋਂ ਮੁਲਕ ਨੂੰ ਹਿਲਾ ਕੇ ਰੱਖ ਦੇਣ ਤੇ ਕੇਂਦਰ ਵੱਲੋਂ ਪੂਰੀ ਸਮਰੱਥਾ ਨਾਲ ਸੂਬਿਆਂ ਦੀ ਮਦਦ ਕਰਨ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਆਈ ਹੈ।



ਗਾਂਧੀ ਨੇ ਟਵਿੱਟਰ ’ਤੇ ਟਵੀਟ ਕੀਤਾ,‘ਸਿਸਟਮ ਫੇਲ੍ਹ ਹੋ ਗਿਆ ਹੈ, ਇਸ ਲਈ ਜਨ ਕੀ ਬਾਤ ਕਰਨਾ ਜ਼ਰੂਰੀ ਹੈ।’ ਉਨ੍ਹਾਂ ਕਿਹਾ,‘ਇਸ ਸੰਕਟ ’ਚ, ਮੁਲਕ ਨੂੰ ਸੂਝਵਾਨ ਨਾਗਰਿਕਾਂ ਦੀ ਜ਼ਰੂਰਤ ਹੈ। ਮੈਂ ਆਪਣੇ ਕਾਂਗਰਸੀ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰਾ ਰਾਜਨੀਤਕ ਕੰਮ ਛੱਡ ਦੇਣ... ਸਿਰਫ਼ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਤੇ ਆਪਣੇ ਮੁਲਕ ਦੇ ਲੋਕਾਂ ਦਾ ਦੁੱਖ ਘੱਟ ਕਰਨ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅੰਕੜੇ ਛੁਪਾਉਣਾ ਤੇ ਕੇਸਾਂ ਤੇ ਮੌਤਾਂ ਦੀ ਕੁੱਲ ਗਿਣਤੀ ਸਾਂਝੀ ਨਾ ਕਰਨਾ ਦੇਸ਼ ਦਾ ਅਪਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਭਾਵੇਂ ਕਿੰਨੇ ਵੀ ਗੰਭੀਰ ਕਿਉਂ ਨਾ ਹੋਣ, ਸਾਨੂੰ ਜਾਗਰੂਕ ਤੇ ਸਾਵਧਾਨ ਰੱਖਦੇ ਹਨ ਤੇ ਸਾਨੂੰ ਸਹੀ ਕਦਮ ਚੁੱਕਣ ਲਈ ਪ੍ਰੇਰਿਤ ਕਰਦੇ ਹਨ।


ਇਹ ਵੀ ਪੜ੍ਹੋcoronavirus: ਪੰਜਾਬ ਦੇ 6 ਜ਼ਿਲ੍ਹਿਆਂ 'ਚ ਕੋਰੋਨਾ ਦਾ ਕਹਿਰ, ਸਿਹਤ ਵਿਭਾਗ ਦੇ ਵੀ ਉੱਡੇ ਹੋਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904