ਚੰਡੀਗੜ੍ਹ: ਪੰਜਾਬ 'ਚ ਲਗਾਤਾਰ ਕੋਰੋਨਾ ਕੇਸਾਂ 'ਚ ਭਾਰੀ ਵਾਧਾ ਹੋ ਰਿਹਾ ਹੈ। ਸੂਬੇ ਦੇ ਛੇ ਜ਼ਿਲ੍ਹਿਆਂ ਵਿੱਚ ਹਾਈ ਪੌਜ਼ੇਟੀਵਿਟੀ ਰੇਟ ਤੋਂ ਸਿਹਤ ਅਧਿਕਾਰੀ ਫਿਕਰਮੰਦ ਹਨ। ਪਿਛਲੇ ਇੱਕ ਹਫ਼ਤੇ (18-24 ਅਪ੍ਰੈਲ) ਵਿੱਚ, ਐਸਏਐਸ ਨਗਰ, ਫਿਰੋਜ਼ਪੁਰ, ਬਠਿੰਡਾ, ਫਾਜ਼ਿਲਕਾ, ਮਾਨਸਾ ਤੇ ਮੁਕਤਸਰ ਵਿੱਚ 15 ਪ੍ਰਤੀਸ਼ਤ ਤੋਂ ਵੱਧ ਪੌਜ਼ੇਟੀਵਿਟੀ ਰੇਟ ਦਰਜ ਕੀਤੀ ਗਈ ਹੈ। ਹਾਈ ਪੌਜ਼ੇਟੀਵਿਟੀ ਰੇਟ ਮਹਾਂਮਾਰੀ ਦੇ ਫੈਲਣ ਦੀ ਹੱਦ ਦਰਸਾਉਂਦੀ ਹੈ।


 


ਸਿਹਤ ਅਧਿਕਾਰੀ ਰੋਜ਼ਾਨਾ 50,000 ਟੈਸਟ ਕਰਵਾਉਂਦੇ ਹਨ। ਇਸ ਦੌਰਾਨ, ਸਾਰੇ ਜ਼ਿਲ੍ਹਿਆਂ ਵਿੱਚ 3.68 ਲੱਖ ਕੋਰੋਨਾ ਸੈਂਪਲ ਲਏ ਗਏ ਤੇ 37,198 ਪੌਜ਼ੇਟਿਵ ਪਾਏ ਗਏ। ਸੂਬੇ ਦਾ ਸਮੁੱਚਾ ਪੌਜ਼ੇਟੀਵਿਟੀ ਰੇਟ  10.10% ਰਿਹਾ ਹੈ।


 


ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਜ਼ਿਲ੍ਹਿਆਂ 'ਚੋਂ ਐਸਏਐਸ ਨਗਰ 'ਚ ਹਫਤੇ ਦੌਰਾਨ 5,776 ਮਾਮਲੇ ਦਰਜ ਕੀਤੇ ਗਏ, ਜਿਸ 'ਚ 21.99 ਫੀਸਦੀ ਪੌਜੇਟੀਵਿਟੀ ਦਰ ਆਈ ਹੈ। ਇਸ ਤੋਂ ਬਾਅਦ ਫਿਰੋਜ਼ਪੁਰ (723 ਮਾਮਲੇ ਤੇ 16.7 ਫੀਸਦ ਪੌਜ਼ੇਟੀਵਿਟੀ ਦਰ) ਹੈ। ਫਾਜ਼ਿਲਕਾ ਜੋ ਸਭ ਤੋਂ ਘੱਟ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਇਸ ਦੀ ਵੀ ਪੌਜ਼ੇਟੀਵਿਟੀ ਦਰ 16.21% ਹੈ।