ਨਵੀਂ ਦਿੱਲੀ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਅੱਜ ਆਪਣੇ ਭਾਸ਼ਣ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਵਾਰ ਵਿੱਚ ਕਰਵਾਉਣ 'ਤੇ ਜ਼ੋਰ ਦਿੱਤਾ ਹੈ। ਰਾਮਨਾਥ ਕੋਵਿੰਦ ਨੇ ਕਿਹਾ ਕਿ ਗਵਰਨੈਂਸ ਨਾਲ ਜੁੜੇ ਲੋਕਾਂ ਵਿੱਚ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਲਗਾਤਾਰ ਹੋ ਰਹੀਆਂ ਚੋਣਾਂ ਨੂੰ ਲੈ ਕੇ ਚਿੰਤਾ ਹੈ। ਵਾਰ-ਵਾਰ ਵੋਟਾਂ ਪੈਣ 'ਤੇ ਹਿਊਮਨ ਰਿਸੋਰਸ 'ਤੇ ਤਾਂ ਅਸਰ ਪੈਂਦਾ ਹੀ ਹੈ ਮੁਲਕ ਦਾ ਵਿਕਾਸ ਵੀ ਰੁਕ ਜਾਂਦਾ ਹੈ। ਇਸ ਲਈ ਚੋਣਾਂ ਇਕੱਠੀਆਂ ਹੋਣ 'ਤੇ ਚਰਚਾ ਹੋਣੀ ਚਾਹੀਦੀ ਹੈ ਤੇ ਸਾਰੇ ਰਾਜਨੀਤਕ ਦਲਾਂ ਵਿਚਾਲੇ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ। ਇਸ ਸਾਲ ਛੱਤੀਸਗੜ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ ਤੇ ਤ੍ਰਿਪੁਰਾ ਵਿੱਚ ਵੋਟਾਂ ਪੈਣੀਆਂ ਹਨ। ਇਨ੍ਹਾਂ ਵਿੱਚੋਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਬੀਜੇਪੀ ਦੀ ਸਰਕਾਰ ਹੈ। ਅਜਿਹੇ ਵਿੱਚ ਸਰਕਾਰ ਸੋਚ ਸਕਦੀ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਦੇ ਨਾਲ ਹੀ ਲੋਕ ਸਭਾ ਦੀ ਵੋਟਿੰਗ ਵੀ ਕਰਵਾ ਲਈ ਜਾਵੇ। ਖ਼ੁਦ ਪ੍ਰਧਾਨ ਮੰਤਰੀ ਵੀ ਇੱਕੋ ਵਾਰ ਵੋਟਿੰਗ ਕਰਵਾਉਣ ਦੀ ਵਕਾਲਤ ਕਰ ਚੁੱਕੇ ਹਨ। ਕਾਬਲੇਗੌਰ ਹੈ ਕਿ ਇੱਕ ਫਰਵਰੀ ਨੂੰ ਮੁਲਕ ਦਾ ਆਮ ਬਜਟ ਪੇਸ਼ ਹੋਣਾ ਹੈ। ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਰੋਧੀ ਧਿਰ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਪਰ ਕਾਂਗਰਸ ਨੇ ਮੋਦੀ ਸਰਕਾਰ 'ਤੇ ਜਲਦਬਾਜ਼ੀ ਵਿੱਚ ਬਜਟ ਪੇਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਅਜਿਹੇ ਵਿੱਚ ਬਜਟ ਸੈਸ਼ਨ ਹੰਗਾਮੇਦਾਰ ਹੋਣ ਦੇ ਅਸਾਰ ਹਨ। ਕਾਂਗਰਸ ਨੇ ਮੋਦੀ ਸਰਕਾਰ 'ਤੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਬਜਟ ਨੂੰ ਸਿਰਫ਼ ਚੋਣਾਂ ਦੇ ਨਜ਼ਰੀਏ ਤੋਂ ਵੇਖ ਰਹੀ ਹੈ। ਅੱਜ ਸਵੇਰੇ ਕਾਂਗਰਸ ਦੇ ਸੀਨੀਅਰ ਲੀਡਰ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇੱਕ ਦਿਨ ਰਾਸ਼ਟਰਪਤੀ ਦਾ ਭਾਸ਼ਣ ਹੋਵੇਗਾ ਤੇ ਇੱਕ ਦਿਨ ਬਜਟ ਪੇਸ਼ ਹੋਵੇਗਾ। ਇਸ ਤੋਂ ਇਲਾਵਾ ਦੋ ਦਿਨ ਗੈਰ-ਅਧਿਕਾਰਕ ਬਿੱਲਾਂ 'ਤੇ ਚਰਚਾ ਹੋਵੇਗੀ। ਚਾਰ ਦਿਨਾਂ ਵਿੱਚ ਕਿਵੇਂ ਖ਼ਾਸ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ? ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਜਿਵੇਂ-ਤਿਵੇਂ ਇਹ ਕੰਮ ਪੂਰਾ ਕਰਨਾ ਚਾਹੁੰਦੀ ਹੈ ਤੇ ਚੋਣਾਂ ਲਈ ਜਾਣਾ ਚਾਹੁੰਦੀ ਹੈ।