ਨਵੀਂ ਦਿੱਲੀ: ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੈਂਟਰਲ ਹਾਲ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਟੀਚਿਆਂ ਬਾਰੇ ਗੱਲ਼ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ, ਔਰਤਾਂ ਤੇ ਗਰੀਬਾਂ ਲਈ ਪ੍ਰਤੀਬੱਧ ਹੈ। ਸਰਕਾਰ ਅੱਜ ਆਰਥਿਕ ਸਰਵੇਖਣ ਪੇਸ਼ ਕੇਰਗੀ। ਇੱਕ ਜਨਵਰੀ ਨੂੰ ਕੇਂਦਰੀ ਬਜਟ ਪੇਸ਼ ਹੋਏਗਾ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਸਲਿਮ ਔਰਤਾਂ ਨੂੰ ਸਮਰੱਥ ਬਣਾਉਣ ਲਈ ਤਿੰਨ ਤਲਾਕ ਬਿੱਲ ਲਿਆਂਦਾ ਗਿਆ ਹੈ। ਇਸ ਨੂੰ ਜਲਦ ਪਾਸ ਕਰਾ ਕੇ ਸਰਕਾਰ ਉਨ੍ਹਾਂ ਦੇ ਵਿਕਾਸ ਤੇ ਹਿੱਤਾਂ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਨਧਨ ਯੋਜਨਾ ਤਹਿਤ 21 ਕਰੋੜ ਖਾਤੇ ਖੁੱਲ੍ਹਵਾਏ ਹਨ। ਇਨ੍ਹਾਂ ਜ਼ਰੀਏ ਜਮਹੂਰੀਅਤ ਵਿੱਚ ਆਰਥਿਕ ਸਸ਼ਕਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕੀਤਾ ਹੈ। ਸਰਕਾਰ ਹਰ ਗਰੀਬ ਨੂੰ ਪੇਟ ਭਰ ਰੋਟੀ ਮਿਲਣਾ ਯਕੀਨੀ ਬਣਾਉਣ ਲਈ ਕਾਨੂੰਨ ਲਾਗੂ ਕਰਨ ਵੱਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਸੇਵਾਵਾਂ 'ਤੇ ਪੁਰਜ਼ੋਰ ਧਿਆਨ ਦੇ ਰਹੀ ਹੈ। ਇਸੇ ਤਹਿਤ 800 ਤਰ੍ਹਾਂ ਦੀਆਂ ਦਵਾਈਆਂ ਸਸਤੀਆਂ ਕੀਤੀਆਂ ਗਈਆਂ ਹਨ। ਸਟੈਂਟ ਦੀ ਕੀਮਤ 80 ਫੀਸਦੀ ਸਸਤੀ ਕੀਤੀ ਗਈ ਹੈ। ਐਅਬੀਬੀਐਸ ਦੀਆਂ ਸੀਟਾਂ ਵਧਾਈਆਂ ਗਈਆਂ ਹਨ।