ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜੀਐਸਟੀ ਰਾਹੀਂ 86,703 ਕਰੋੜ ਰੁਪਏ ਉਗਰਾਹੇ ਹਨ। ਦੇਸ਼ ਦੇ ਵਿੱਤ ਮੰਤਰਾਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਦਸੰਬਰ, 2017 ਤੇ 24 ਜਨਵਰੀ, 2018 ਤੱਕ ਵਸਤਾਂ ਤੇ ਸੇਵਾ ਕਰ ਤਹਿਤ 86,703 ਕਰੋੜ ਰੁਪਏ ਦੀ ਉਗਰਾਹੀ ਹੋ ਚੁੱਕੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਵਸਤਾਂ ਤੇ ਸੇਵਾ ਕਰ (ਜੀਐਸਟੀ) ਤੋਂ ਹੋਣ ਵਾਲੀ ਉਗਰਾਹੀ ਘੱਟ ਕੇ 80, 808 ਕਰੋੜ ਰਹਿ ਗਈ ਸੀ। ਅਕਤੂਬਰ ਵਿੱਚ ਇਹ 83,000 ਕਰੋੜ ਰੁਪਏ ਸੀ ਤੇ ਸਤੰਬਰ ਵਿੱਚ ਇਹ 92,150 ਕਰੋੜ ਰੁਪਏ ਨੂੰ ਟੱਪ ਗਈ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ 24 ਜਨਵਰੀ 2018 ਤੱਕ ਜੀਐਸਟੀ ਤਹਿਤ ਇੱਕ ਕਰੋੜ ਕਰਦਾਤਾ ਰਜਿਸਟਰਡ ਹੋ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 17.11 ਲੱਖ ਨਿਯਮਤ ਡੀਲਰ ਹਨ ਜੋ ਲਗਾਤਾਰ ਰਿਟਰਨ ਭਰ ਰਹੇ ਹਨ। ਦਸੰਬਰ ਤੱਕ 56.30 ਲੱਖ ਕਾਰੋਬਾਰੀਆਂ ਨੇ ਜੀਐਸਟੀ ਰਿਟਰਨ 3 ਬੀ ਭਰੀ ਗਈ ਹੈ। ਜੁਲਾਈ-ਸਤੰਬਰ ਤਿਮਾਹੀ ਸਾਰੇ ਕਾਰੋਬਾਰੀਆਂ ਲਈ ਜੀਐਸਟੀ 4 ਰਿਟਰਨ ਜਿਸ ਦੇ ਭਰਨ ਦੀ ਆਖ਼ਰੀ ਮਿਤੀ 24 ਦਸੰਬਰ ਸੀ, ਤਹਿਤ ਕੁੱਲ 8.10 ਹਜ਼ਾਰ ਰਿਟਰਨਾਂ ਫਾਈਲ ਹੋਈਆਂ ਹਨ।
ਇਨ੍ਹਾਂ ਤੋਂ 335.86 ਕਰੋੜ ਦਾ ਮਾਲੀਆ ਇਕੱਤਰ ਹੋਇਆ ਹੈ। ਅਕਤੂਬਰ ਦਸੰਬਰ ਤਿਮਾਹੀ ਲਈ ਰਿਟਰਨ ਫਾਈਲ ਕਰਨ ਦੀ ਆਖ਼ਰੀ ਮਿਤੀ 18 ਜਨਵਰੀ ਸੀ ਤੇ ਕੁੱਲ 9.25 ਲੱਖ ਕਾਰੋਬਾਰੀਆਂ ਨੇ ਰਿਟਰਨ ਫਾਈਲ ਕੀਤੀ ਹੈ ਤੇ 421. 35 ਕਰੋੜ ਦੀ ਰਾਸ਼ੀ ਮਾਲੀਏ ਵਜੋਂ ਇਕੱਤਰ ਹੋਈ ਹੈ।