ਨਵੀਂ ਦਿੱਲੀ: ਸਰਕਾਰ ਬਜਟ ਸੈਸ਼ਨ ਵਿੱਚ ਤੀਹਰਾ ਤਲਾਲ ਬਿੱਲ ਪਾਸ ਕਰਾਉਣ ਲਈ ਪੂਰੀ ਵਾਹ ਲਾਵੇਗੀ। ਇਸ ਮੁੱਦੇ ਉੱਤੇ ਸਹਿਮਤੀ ਬਣਾਉਣ ਲਈ ਸਰਕਾਰ ਦੂਜੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ ਜਾਵੇਗੀ।

ਸੰਸਦ ਭਵਨ ਵਿੱਚ ਹੋਈ ਸਰਬ-ਦਲ ਮੀਟਿੰਗ ’ਚ ਸਰਕਾਰ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਸ ਅਹਿਮ ਸੈਸ਼ਨ ਦੀ ਸਫ਼ਲਤਾ ਲਈ ਸਹਿਯੋਗ ਮੰਗਿਆ। ਇਸ ਮੀਟਿੰਗ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਤੋਂ ਇਲਾਵਾ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਦੇ ਆਗੂ ਹਾਜ਼ਰ ਸਨ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਨੇ ਇਸ ਮੀਟਿੰਗ ਨੂੰ ‘ਸਫਲ’ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਨੂੰ ਇਸ ਸੈਸ਼ਨ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ ਹੈ। ਮੀਟਿੰਗ ਬਾਅਦ ਇਸ ਬਿੱਲ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘ਰਾਜ ਸਭਾ ਵਿੱਚ ਤੀਹਰਾ ਤਲਾਕ ਬਿੱਲ ਨੂੰ ਪਾਸ ਕਰਾਉਣ ਲਈ ਅਸੀਂ ਪੂਰੀ ਵਾਹ ਲਾਵਾਂਗੇ। ਇਸ ਮਸਲੇ ’ਤੇ ਸਹਿਮਤੀ ਬਣਾਉਣ ਵਾਸਤੇ ਅਸੀਂ ਕਈ ਸਿਆਸੀ ਪਾਰਟੀਆਂ ਤਕ ਪਹੁੰਚ ਕਰਾਂਗੇ। ਜਿਵੇਂ ਜੀਐਸਟੀ ਨੂੰ ਸਹਿਮਤੀ ਨਾਲ ਪਾਸ ਕਰਾਇਆ ਗਿਆ ਸੀ ਉਸੇ ਤਰ੍ਹਾਂ ਇਹ ਬਿੱਲ, ਜੋ ਮੁਸਲਮਾਨ ਮਰਦਾਂ ਵੱਲੋਂ ਤਿੰਨ ਵਾਰ ਤਲਾਕ ਤਲਾਕ ਬੋਲ ਕੇ ਵਿਆਹ ਤੋੜਨ ਦੀ ਪ੍ਰਥਾ ਨੂੰ ਅਪਰਾਧ ਬਣਾਉਂਦਾ ਹੈ, ਵੀ ਪਾਸ ਕਰਾਇਆ ਜਾਵੇਗਾ।’
ਪਿਛਲੇ ਸੈਸ਼ਨ ਦੌਰਾਨ ਕਈ ਪਾਰਟੀਆਂ ਵੱਲੋਂ ਇਹ ਬਿੱਲ ਵਿਸ਼ੇਸ਼ ਕਮੇਟੀ ਕੋਲ ਭੇਜਣ ਦੀ ਕੀਤੀ ਮੰਗ ਬਾਰੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਹੁਣ ਇਹ ਬਿੱਲ ਰਾਜ ਸਭਾ ਦੀ ਸੰਪਤੀ ਹੈ। ਇਸ ਲਈ ਉਸ ਨੂੰ ਫ਼ੈਸਲਾ ਲੈਣ ਦਿੱਤਾ ਜਾਵੇ।