ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਐਲਾਨ ਕੀਤਾ ਹੈ ਕਿ ਪੈਟਰੋਲ ਵਿੱਚ ਇਥੇਨੌਲ ਮਿਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਮੋਦੀ ਮੁਤਾਬਕ ਪੈਟਰੋਲ ਵਿੱਚ ਇਥੇਨੌਲ ਮਿਲਾਉਣ ਨਾਲ ਵੱਡੀ ਮਾਤਰਾ ਵਿੱਚ ਦਰਾਮਦ 'ਤੇ ਫਰਕ ਪਵੇਗਾ। ਪੀਐਮ ਨੇ ਐਲਾਨ ਕੀਤਾ ਕਿ ਜੈਵਿਕ ਬਾਲਣ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ। ਆਉਣ ਵਾਲੇ ਤਿੰਨ ਸਾਲਾਂ ਵਿੱਚ ਇਸ ਨੂੰ 450 ਕਰੋੜ ਲੀਟਰ ਤਕ ਪਹੁੰਚਾ ਦਿੱਤਾ ਜਾਵੇਗਾ। ਇਸ ਨਾਲ ਪੈਟਰੋਲ ਦੀ ਦਰਾਮਦ ਵਿੱਚ ਖਰਚੇ ਜਾਂਦੇ 12,000 ਕਰੋੜ ਰੁਪਏ ਬਚਣਗੇ।


ਕੌਮਾਂਤਰੀ ਜੈਵਿਕ ਬਾਲਣ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬੋਲਦਿਆਂ ਮੋਦੀ ਨੇ ਕਿਹਾ ਕਿ ਪੈਟਰੋਲ ਵਿੱਚ ਇਥੇਨੌਲ ਮਿਲਾਉਣ ਦਾ ਕੰਮ ਵਾਜਪਾਈ ਸਰਕਾਰ ਸਮੇਂ ਸ਼ੁਰੂ ਕੀਤਾ ਗਿਆ ਸੀ। ਪਿਛਲੀਆਂ ਸਰਕਾਰਾਂ ਨੇ ਇਸ ਕਾਰਜ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੈਵਿਕ ਬਾਲਣ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ 10,000 ਕਰੋੜ ਰੁਪਏ ਦੇ ਨਿਵੇਸ਼ ਨਾਲ 12 ਰਿਫ਼ਾਈਨਰੀਆਂ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਮੋਦੀ ਨੇ ਕਿਹਾ ਕਿ ਸਾਲ 2022 ਤਕ ਪੈਟਰੋਲ ਵਿੱਚ 10% ਇਥੇਨੌਲ ਮਿਲਾਉਣ ਦਾ ਟੀਚਾ ਮਿੱਥਿਆ ਹੋਇਆ ਹੈ ਤੇ ਸਾਲ 2030 ਤਕ 20% ਕੀਤੇ ਜਾਣ ਦੀ ਯੋਜਨਾ ਹੈ। ਰੁਜ਼ਗਾਰ ਦੇ ਮੁੱਦੇ 'ਤੇ ਕਈ ਵਾਰ ਘਿਰ ਚੁੱਕੀ ਸਰਕਾਰ ਦੇ ਮੁਖੀ ਮੋਦੀ ਨੇ ਕਿਹਾ ਕਿ ਹਰ ਰਿਫ਼ਾਈਨਰੀ 1000 ਤੋਂ 1500 ਲੋਕਾਂ ਨੂੰ ਰੁਜ਼ਗਾਰ ਦੇਵੇਗੀ। ਇਸ ਮੌਕੇ ਮੋਦੀ ਨੇ ਕਿਸਾਨਾਂ ਦੀ ਆਮਦਨ ਨੂੰ ਲਾਗਤ ਦਾ ਡੇਢ ਗੁਣਾ ਕਰਨ ਵਾਲੇ ਆਪਣੀ ਸਰਕਾਰ ਦੇ ਦਾਅਵੇ ਦਾ ਮੁੜ ਗੁਣਗਾਣ ਵੀ ਕੀਤਾ।