ਨਵੀਂ ਦਿੱਲੀ: ਮੋਦੀ ਸਰਕਾਰ ਨੂੰ ਆਰਥਿਕ ਫਰੰਟ 'ਤੇ ਝਟਕੇ ਤੋਂ ਬਾਅਦ ਝਟਕਾ ਲੱਗ ਰਿਹਾ ਹੈ। ਵਿੱਤ ਮੰਤਰਾਲੇ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਆਰਥਿਕ ਵਿਕਾਸ ਦਰ ਹੇਠਾਂ ਖਿਸਕਦੀ ਜਾ ਰਹੀ ਹੈ। ਸਾਲ 2019-20 ਦੌਰਾਨ ਦੇਸ਼ ਦੀ ਆਰਥਿਕ ਵਿਕਾਸ ਦਰ ਘੱਟ ਕੇ 5 ਫੀਸਦੀ ਤੱਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਪਿਛਲੇ ਵਿੱਤੀ ਵਰ੍ਹੇ ’ਚ ਇਹ ਅਨੁਮਾਨ 6.8 ਫ਼ੀਸਦੀ ਸੀ।


ਸਰਕਾਰੀ ਅੰਕੜਿਆਂ ਅਨੁਸਾਰ ਮੈਨੂਫੈਕਚਰਿੰਗ ਸੈਕਟਰ ਦੀ ਵਿਕਾਸ ਦਰ ਪਿਛਲੇ ਸਾਲ ਨਾਲੋਂ 6.2 ਫੀਸਦੀ ਤੋਂ ਘਟ ਕੇ ਦੋ ਫੀਸਦੀ ਰਹਿਣ ਦਾ ਅਨੁਮਾਨ ਹੈ। ਕੌਮੀ ਅੰਕੜਾ ਦਫ਼ਤਰ ਵੱਲੋਂ ਜਾਰੀ ਕੌਮੀ ਆਮਦਨ ਦੇ ਅਗਾਊਂ ਅਨੁਮਾਨਾਂ ਮੁਤਾਬਕ ਖੇਤੀਬਾੜੀ, ਉਸਾਰੀ, ਊਰਜਾ, ਗੈਸ ਤੇ ਪਾਣੀ ਸਪਲਾਈ ਵਰਗੇ ਖੇਤਰਾਂ ਵਿੱਚ ਵੀ ਗਿਰਾਵਟ ਦਾ ਦੌਰ ਜਾਰੀ ਰਹਿ ਸਕਦਾ ਹੈ।

ਉਧਰ, ਕਾਂਗਰਸੀ ਲੀਡਰ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਮੁਲਕ ਦੀ ਆਰਥਿਕਤਾ ਡੁੱਬਦੀ ਜਾ ਰਹੀ ਹੈ ਤੇ ਮੋਦੀ ਸਰਕਾਰ ਨੂੰ ਕੁਝ ਸੁੱਝ ਨਹੀਂ ਰਿਹਾ ਕਿ ਸਥਿਤੀ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਆਸ ਦੀ ਕੋਈ ਕਿਰਨ ਨਜ਼ਰ ਨਹੀਂ ਆਈ। 2019-20 ਦੇ ਆਖ਼ਰੀ ਕੁਆਰਟਰ ਵਿੱਚ ਸਰਕਾਰ ਕੋਲ ਖ਼ਰਚ ਤੇ ਨਿਵੇਸ਼ ਲਈ ਪੈਸਾ ਹੀ ਨਹੀਂ ਬਚਿਆ। ਤੇਲ ਕੀਮਤਾਂ ਵਧ ਰਹੀਆਂ ਹਨ।