ਮੋਦੀ ਸਰਕਾਰ ਨੇ ਵ੍ਹੱਟਸਐਪ ਤੋਂ ਮੰਗਿਆ ਇਨ੍ਹਾਂ ਸਮੱਸਿਆ ਦਾ ਹੱਲ
ਏਬੀਪੀ ਸਾਂਝਾ | 21 Aug 2018 04:33 PM (IST)
ਸੰਕੇਤਕ ਤਸਵੀਰ
ਨਵੀਂ ਦਿੱਲੀ: ਵ੍ਹੱਟਸਐਪ ਕਾਰਨ ਦੇਸ਼ ਵਿੱਚ ਵਧੀਆਂ ਕੁਝ ਸਮੱਸਿਆਵਾਂ ਦੇ ਹੱਲ ਲਈ ਮੋਦੀ ਸਰਕਾਰ ਨੇ ਕੰਪਨੀ ਦੇ ਸੀਈਓ ਕੋਲ ਪਹੁੰਚ ਕੀਤੀ ਹੈ। ਵ੍ਹੱਟਸਐਪ ਦੇ ਸੀਈਓ ਕ੍ਰਿਸ ਡੇਨੀਅਲਜ਼ ਨਾਲ ਮੁਲਾਕਾਤ ਤੋਂ ਬਾਅਦ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਸਕਾਰਾਤਮਕ ਰਹੀ। ਮੰਤਰੀ ਨੇ ਕਿਹਾ ਕਿ ਜਦ ਲੱਖਾਂ ਸੰਦੇਸ਼ ਇੱਕੋ ਸਮੇਂ ਚੱਲਣਾ ਸ਼ੁਰੂ ਕਰ ਦਿੰਦੇ ਹਨ ਤੇ ਮੌਬ ਲਿੰਚਿੰਗ ਜਾਂ ਰਿਵੇਂਜ ਪੌਰਨ ਨੂੰ ਉਤਸ਼ਾਹਤ ਕਰਦੇ ਹਨ। ਭਾਰਤ ਨੇ ਵ੍ਹੱਟਸਐਪ ਨੂੰ ਦੇਸ਼ ਵਿੱਚ ਇੱਕ ਸ਼ਿਕਾਇਤ ਅਧਿਕਾਰੀ ਨਿਯੁਕਤ ਕਰਨ ਦੀ ਅਪੀਲ ਕੀਤੀ ਤਾਂ ਜੋ ਇਤਰਾਜ਼ਯੋਗ ਸੰਦੇਸ਼ਾਂ ਬਾਰੇ ਸ਼ਿਕਾਇਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਵ੍ਹੱਟਸਐਪ ਨੂੰ ਭਾਰਤੀ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ ਕਿ ਭਾਰਤੀ ਸ਼ਿਕਾਇਤਾਂ ਦਾ ਹੱਲ ਅਮਰੀਕਾ ਵਿੱਚ ਹੋਵੇ। ਮੰਤਰੀ ਨੇ ਵ੍ਹੱਟਸਐਪ ਦੇ ਸੀਈਓ ਨੂੰ ਕੰਪਨੀ ਦੇ ਉਤਪਾਦ (ਵ੍ਹੱਟਸਐਪ) ਨੂੰ ਭਾਰਤੀ ਕਾਰਪੋਰੇਟ ਐਂਟਿਟੀ ਬਣਾਉਣ ਦੀ ਮੰਗ ਕੀਤੀ। ਕੇਂਦਰੀ ਮੰਤਰੀ ਨੇ ਮੀਟਿੰਗ ਦੌਰਾਨ ਵ੍ਹੱਟਸਐਪ ਨੂੰ ਕਿਹਾ ਕਿ ਇਸ ਦੀ ਰੋਕਥਾਮ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਡੇਨੀਅਲਜ਼ ਨੂੰ ਵੱਡੀਆਂ ਸਮੱਸਿਆਵਾਂ ਦੀ ਰੋਕਥਾਮ ਦਾ ਤਰੀਕਾ ਲੱਭਣ ਲਈ ਕਿਹਾ ਹੈ। ਪ੍ਰਸਾਦ ਮੁਤਾਬਕ ਉਨ੍ਹਾਂ ਵ੍ਹੱਟਸਐਪ ਨੂੰ ਸੁਝਾਅ ਦਿੱਤਾ ਕਿ ਉਹ ਪ੍ਰਿੰਟ, ਟੈਲੀਵਿਜ਼ ਤੇ ਡਿਜੀਟਲ ਮੀਡੀਆ ਵਿੱਚ ਇੱਕ ਪ੍ਰੇਰਨਾਦਾਇਕ ਮੁਹਿੰਮ ਸ਼ੁਰੂ ਕਰੇ ਤਾਂ ਜੋ ਲੋਕਾਂ ਨੂੰ ਨਕਾਰਾਤਮਕ ਪ੍ਰਭਾਵਾਂ ਤੇ ਵ੍ਹੱਟਸਐਪ ਦੀ ਦੁਰਵਰਤੋਂ ਬਾਰੇ ਸੁਚੇਤ ਕੀਤਾ ਜਾ ਸਕੇ। ਬੈਠਕ ਵਿੱਚ ਡੇਨੀਅਲਜ਼ ਨੇ ਪ੍ਰਸਾਦ ਨੂੰ ਆਪਣੀ ਬੈਂਕਿੰਗ ਸੇਵਾ ਬਾਰੇ ਸਵਾਲ ਕੀਤਾ ਤਾਂ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਬਾਬਤ ਆਪਣਾ ਜਵਾਬ ਭਾਰਤੀ ਰਿਜ਼ਰਵ ਬੈਂਕ ਨੂੰ ਭੇਜ ਦਿੱਤਾ ਹੈ, ਜੋ ਇਸ ਬਾਰੇ ਅੰਤਿਮ ਫੈਸਲਾ ਲਵੇਗਾ। ਇਸੇ ਦੌਰਾਨ ਵ੍ਹੱਟਸਐਪ ਨੇ ਛੇਤੀ ਹੀ ਭਾਰਤ ਵਿੱਚ ਸਿੱਖਿਆ, ਸਿਹਤ ਤੇ ਹੋਰ ਸਮਾਜਿਕ ਵਿਕਾਸ ਨਾਲ ਜੁੜੇ ਸਰੋਕਾਰਾਂ ਨਾਲ ਜੁੜ ਕੇ ਕੰਮ ਕਰੇਗੀ।