ਨਵੀਂ ਦਿੱਲੀ: ਹੁਣ ਤੁਹਾਨੂੰ ਦਿਨ ਵਿੱਚ ਵੱਖ-ਵੱਖ ਸਮੇਂ ਲਈ ਵੱਖ-ਵੱਖ ਕੀਮਤ ਦੇਣੀ ਪੈ ਸਕਦੀ ਹੈ। ਮੋਦੀ ਸਰਕਾਰ ਨੇ ਦੇਸ਼ ਵਿੱਚ ਬਿਜਲੀ ਦੀ ਨਵੀਂ ਟੈਰਿਫ (ਕੀਮਤ) ਨੀਤੀ ਲਿਆਉਣ ਦਾ ਖਰੜਾ ਤਿਆਰ ਕਰ ਲਿਆ ਹੈ।


ਨਵੀਂ ਨੀਤੀ ਮੁਤਾਬਕ ਜਿੱਥੇ ਦਿਨ ਵਿੱਚ ਉਪਭੋਗਤਾਵਾਂ ਨੂੰ ਬਿਜਲੀ ਸਸਤੀ ਮਿਲੇਗੀ, ਉੱਥੇ ਹੀ ਰਾਤ ਸਮੇਂ ਸਭ ਤੋਂ ਵੱਧ ਮੰਗ (ਪੀਕ ਆਵਰ) ਦੌਰਾਨ ਬਿਜਲੀ ਮਹਿੰਗੀ ਹੋ ਜਾਵੇਗੀ। ਨਵੀਂ ਨੀਤੀ ਤਹਿਤ ਜੇਕਰ ਬਿਜਲੀ ਗੁੱਲ ਹੁੰਦੀ ਹੈ ਤਾਂ ਬਿਜਲੀ ਵੰਡ ਕੰਪਨੀਆਂ ਨੂੰ ਜ਼ੁਰਮਾਨਾ ਲਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

ਬਿਜਲੀ ਮੰਤਰੀ ਆਰ.ਕੇ. ਸਿੰਘ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੂਰਜੀ ਊਰਜਾ ਨਾਲ ਪੈਦਾ ਹੋਣ ਵਾਲੀ ਬਿਜਲੀ ਸਵਾ ਲੱਖ ਮੈਗਾਵਾਟ ਤਕ ਹੋ ਜਾਵੇਗੀ। ਇਸ ਤਰ੍ਹਾਂ ਸਰਕਾਰ ਦਿਨ ਵਿੱਚ ਸਸਤੀਆਂ ਦਰਾਂ 'ਤੇ ਬਿਜਲੀ ਮੁਹੱਈਆ ਕਰਵਾ ਸਕਦੀ ਹੈ। ਬੇਸ਼ੱਕ ਬਿਜਲੀ ਵੰਡ ਦਾ ਜ਼ਿਆਦਾਤਰ ਕੰਮ ਸੂਬਾ ਸਰਕਾਰਾਂ ਕਰਦੀਆਂ ਹਨ, ਪਰ ਮੋਦੀ ਸਰਕਾਰ ਨਵੀਂ ਨੀਤੀ ਨੂੰ ਲਾਗੂ ਕਰਨ ਲਈ ਇਲੈਕਟ੍ਰੀਸਿਟੀ ਕਾਨੂੰਨ ਲਿਆਵੇਗੀ।

ਇਸ ਨੀਤੀ ਵਿੱਚ ਆਉਂਦੇ ਤਿੰਨ ਸਾਲਾਂ ਵਿੱਚ ਦੇਸ਼ ਭਰ ਦੇ ਗਾਹਕਾਂ ਦੇ ਘਰਾਂ ਵਿੱਚ ਬਿਜਲੀ ਦੇ ਪ੍ਰੀ ਪੇਡ ਯਾਨੀ ਕਿ ਪਹਿਲਾਂ ਤੋਂ ਹੀ ਭੁਗਤਾਨ ਕਰਨ ਵਾਲੇ ਮੀਟਰ ਲਾਏ ਜਾਣਗੇ। ਰੀਚਾਰਜ ਖ਼ਤਮ ਹੋਣ ਤੋਂ ਪਹਿਲਾਂ ਹੀ ਇਹ ਮੀਟਰ ਦੱਸ ਦੇਵੇਗਾ ਕਿ ਕਿੰਨੇ ਪੈਸੇ ਬਚੇ ਹਨ। ਇਹ ਸਮਾਰਟ ਮੀਟਰ ਆਪਣੇ ਤੇ ਟ੍ਰਾਂਸਫਾਰਮਰ ਦੇ ਖਰਾਬ ਹੋਣ ਬਾਰੇ ਦੱਸ ਦੇਵੇਗਾ। ਸ਼ਿਕਾਇਤ ਮਿਲਣ ਤੋਂ ਤੈਅ ਸਮੇਂ ਵਿੱਚ ਜੇਕਰ ਸਮੱਸਿਆ ਦੂਰ ਨਹੀਂ ਕੀਤੀ ਗਈ ਤਾਂ ਇਸ 'ਤੇ ਕੰਪਨੀ ਨੂੰ ਜ਼ੁਰਮਾਨਾ ਵੀ ਲੱਗੇਗਾ। ਇਸ ਨੀਤੀ ਨੂੰ ਅਗਲੀ ਕੈਬਨਿਟ ਬੈਠਕ ਵਿੱਚ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ।