ਚੰਡੀਗੜ੍ਹ: ਨਵੇਂ ਸਾਲ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖ਼ਬਰ ਏਜੰਸੀ ਏਐਨਆਈ ਨੂੰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਮ ਮੰਦਰ ਸਬੰਧੀ ਆਰਡੀਨੈਂਸ ਨਹੀਂ ਲੈ ਕੇ ਆਏਗੀ। ਕਾਨੂੰਨੀ ਪ੍ਰਕਿਰਿਆ ਦੇ ਬਾਅਦ ਹੀ ਰਾਮ ਮੰਦਰ ’ਤੇ ਫੈਸਲਾ ਲਿਆ ਜਾ ਸਕਦਾ ਹੈ।
ਪੀਐਮ ਮੋਦੀ ਨੇ ਕਿਹਾ ਕਿ ਰਾਮ ਮੰਦਰ ਸੰਵਿਧਾਨ ਤਹਿਤ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ 70 ਸਾਲ ਸ਼ਾਸਨ ਕਰਨ ਵਾਲਿਆਂ ਨੇ ਰਾਮ ਮੰਦਰ ਨੂੰ ਅਟਕਾ ਕੇ ਰੱਖਿਆ ਹੋਇਆ ਹੈ। ਕਾਂਗਰਸ ’ਤੇ ਵਾਰ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਕੀਲਾਂ ਨੇ ਇਸ ਕੇਸ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਅੜਿੱਕਾ ਡਾਹਿਆ ਹੈ।
ਇਸ ਮੁੱਦੇ ਤੋਂ ਇਲਾਵਾ ਪੀਐਮ ਨੇ ਪਾਕਿਸਤਾਨ ਸਬੰਧੀ ਕਿਹਾ ਕਿ ਪਾਕਿਸਤਾਨ ਇੱਕ ਲੜਾਈ ਨਾਲ ਨਹੀਂ ਸੁਧਰੇਗਾ। ਉਸ ਨੂੰ ਸੁਧਾਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਰਜੀਕਲ ਸਟ੍ਰਾਈਕ ’ਤੇ ਕੀਤਾ ਫੈਸਲਾ ਜ਼ੋਖ਼ਮ ਭਰਿਆ ਸੀ। ਜਵਾਨਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲੀ ਚਿੰਤਾ ਸੀ ਤੇ ਹਮੇਸ਼ਾ ਰਹੇਗੀ।