ਸਬੰਧਤ ਖ਼ਬਰ: ਮੋਦੀ ਮਗਰੋਂ ਕੇਜਰੀਵਾਲ ਵੀ ਪੰਜਾਬ ਤੋਂ ਹੀ ਕਰਨਗੇ 'ਮਿਸ਼ਨ 2019' ਦੀ ਸ਼ੁਰੂਆਤ
ਮਾਹਿਰਾਂ ਦੀ ਮੰਨੀਏ ਤਾਂ ਮੋਦੀ ਦੀ ਗੁਰਦਾਸਪੁਰ ਰੈਲੀ ਨਾਲ ਬੀਜੇਪੀ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਸੋਚ ਰਹੀ ਹੈ। ਸਭ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਸ਼ੁਰੂਆਤ ਲਈ ਰੱਖੀ ਧੰਨਵਾਦ ਰੈਲੀ ਰਾਹੀਂ ਜਿੱਥੇ ਮੋਦੀ ਇਲਾਕੇ ਦੇ ਸਿੱਖਾਂ ਦੇ ਮਨਾਂ ਵਿੱਚ ਆਪਣਾ ਤੇ ਆਪਣੀ ਪਾਰਟੀ ਦਾ ਅਕਸ ਸੁਧਾਰਨਗੇ, ਨਾਲ ਹੀ ਸੂਬੇ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਉੱਪਰ ਦਬਾਅ ਵੀ ਬਣੇਗਾ।
ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਅੱਜ ਅਕਾਲੀ ਦਲ ਦੀ ਹਾਲਤ ਪਤਲੀ ਹੋਣ ਕਾਰਨ ਮੋਦੀ ਵੀ ਉਨ੍ਹਾਂ ਤੋਂ ਆਪਣੀ ਪਾਰਟੀ ਲਈ ਚੰਗੀਆਂ ਸੀਟਾਂ ਆਸਾਨੀ ਨਾਲ ਛੁਡਵਾ ਸਕਦੇ ਹਨ। ਪਹਿਲਾਂ ਜਿੱਥੇ ਸੂਬੇ ਦੀਆਂ 10 ਲੋਕ ਸਭਾ ਸੀਟਾਂ ਤੋਂ ਅਕਾਲੀ ਤੇ ਤਿੰਨ ਤੋਂ ਭਾਜਪਾਈ ਲੜਦੇ ਸਨ ਹੁਣ ਇਹ ਅਨੁਪਾਤ 8:5 ਦਾ ਵੀ ਹੋ ਸਕਦਾ ਹੈ।
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਆਪਣੇ ਹਿੱਸੇ ਆਉਂਦੀਆਂ ਸੂਬੇ ਦੀਆਂ 10 ਸੀਟਾਂ 'ਚੋਂ ਸਿਰਫ਼ ਚਾਰ 'ਤੇ ਹੀ ਜਿੱਤੇ ਸਨ ਤੇ ਭਾਜਪਾ ਨੇ ਤਿੰਨ 'ਚੋਂ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵੀ ਇਹ ਸੀਟ ਕਾਂਗਰਸ ਦੇ ਹਿੱਸੇ ਚਲੀ ਗਈ ਸੀ। ਹੁਣ ਮੋਦੀ ਦੀ ਇਹ ਰੈਲੀ ਪੰਜਾਬ ਦੇ ਬੀਜੇਪੀ ਕਾਰਕੁਨਾਂ ਵਿੱਚ ਨਵੇਂ ਸਾਹ ਫੂਕਣ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਭਗਵੰਤ ਮਾਨ ਨੇ ਮਾਰਿਆ ਹਾਅ ਦਾ ਨਾਅਰਾ, ਮੋਦੀ ਤੋਂ ਗੁਰਦਾਸਪੁਰ ਰੈਲੀ 'ਚ ਮੰਗਿਆ ਵਿਸ਼ੇਸ਼ ਪੈਕੇਜ
ਮੋਦੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਧਰਤੀ ਤੋਂ ਵੀ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਲਾਉਣ ਦਾ ਦਮ ਰੱਖਦੇ ਹਨ ਤੇ ਅੱਜ ਕਾਂਗਰਸੀਆਂ ਦੇ ਗੜ੍ਹ ਵਿੱਚ ਉਹ 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਲੀਡਰਾਂ 'ਤੇ ਪਾਰਟੀ ਨੂੰ ਚੰਗਾ ਘੇਰ ਸਕਦੇ ਹਨ। ਨਾਲ ਹੀ ਉਹ ਸਿੱਖਾਂ ਨੂੰ ਵੀ ਇਹ ਜਤਾਉਣਗੇ ਕਿ ਭਾਜਪਾ ਹੀ ਉਨ੍ਹਾਂ ਦੀ ਅਸਲੀ ਹਮਦਰਦ ਹੈ ਨਾ ਕਿ ਕਾਂਗਰਸ। ਜੇਕਰ ਮੋਦੀ ਇਸ ਵਿੱਚ ਸਫਲ ਹੋ ਜਾਂਦੇ ਹਨ ਤਾਂ ਆਪਣੇ ਜੱਦੀ ਪਿੰਡ ਦੀ ਸਰਪੰਚੀ ਗਵਾਉਣ ਵਾਲੇ ਅਕਾਲੀ ਦਲ ਦੀ ਡੁੱਬਦੀ ਬੇੜੀ ਵੀ ਕਿਸੇ ਬੰਨੇ ਲੱਗ ਸਕਦੀ ਹੈ।