ਨਵੀਂ ਦਿੱਲੀ: ਵਿਦੇਸ਼ ਵਿੱਚ ਨਾਜਾਇਜ਼ ਜਾਇਦਾਦ ਰੱਖਣ ਦੇ ਇਲਜ਼ਾਮ ਨਾਲ ਸਬੰਧਤ ਪੁੱਛਗਿੱਛ ਲਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚ ਗਏ ਹਨ। ਇਹ ਮਾਮਲਾ ਲੰਦਨ ਵਿੱਚ 19 ਲੱਖ ਪਾਊਂਡ ਦੀ ਜਾਇਦਾਦ ਦੀ ਖਰੀਦ ਵਿੱਚ ਕਥਿਤ ਮਨੀ ਲਾਂਡ੍ਰਿੰਗ ਜਾਂਚ ਨਾਲ ਜੁੜਿਆ ਹੈ।


ਇਸ ਤੋਂ ਪਹਿਲਾਂ 2 ਫਰਵਰੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਰਾਬਰਟ ਵਾਡਰਾ ਨੂੰ 16 ਫਰਵਰੀ ਤਕ ਅੰਤ੍ਰਿਮ ਜ਼ਮਾਨਤ ਦਿੱਤੀ ਸੀ। ਅਦਾਲਤ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਛੇ ਫਰਵਰੀ ਨੂੰ ਖ਼ੁਦ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਣ।

ਸੂਤਰਾਂ ਮੁਤਾਬਕ ਵਾਡਰਾ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਨੂੰ ਲੰਦਨ ਵਿੱਚ ਜਾਇਦਾਦ ਦੀ ਖਰੀਦ ਸਬੰਧੀ ਕੀਤੇ ਸੌਦਿਆਂ ਬਾਰੇ ਪੁੱਛਿਆ ਜਾਏਗਾ। ਉਨ੍ਹਾਂ ਦਾ ਬਿਆਨ ਮਨੀ ਲਾਂਡ੍ਰਿੰਗ ਕਾਨੂੰਨ ਦੇ ਤਹਿਤ ਦਰਜ ਕੀਤਾ ਜਾਏਗਾ। ਉਨ੍ਹਾਂ ਕੋਲੋਂ 36 ਸਵਾਲ ਪੁੱਛੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਪੰਜ ਸਵਾਲ ਇਹ ਹਨ-

  • 12 ਬ੍ਰਾਇਨਸਟਨ ਸਕੁਆਇਰ ਦੀ ਜਾਇਦਾਦ ਨਾਲ ਤੁਹਾਡਾ ਕੀ ਸਬੰਧ ਹੈ? ਕੀ ਇਹ ਜਾਇਦਾਦ ਤੁਹਾਡੀ ਹੈ?

  • ਜੇ ਇਹ ਜਾਇਦਾਦ ਤੁਹਾਡੀ ਨਹੀਂ ਹੈ ਤਾਂ ਇਸ ਦੇ ਈਮੇਲ ਤੁਹਾਨੂੰ ਕਿਉਂ ਆ ਰਹੇ ਸੀ?

  • ਕੀ ਤੁਸੀਂ ਸੰਜੈ ਭੰਡਾਰੀ ਤੇ ਸੁਮਿਤ ਚੱਠਾ ਨੂੰ ਜਾਣਦੇ ਹੋ? ਦੱਸ ਦੇਈਏ ਕਿ ਸੁਮਿਤ ਚੱਠਾ ਵਾਡਰਾ ਨੂੰ ਮੇਲ ਭੇਜ ਰਿਹਾ ਸੀ। ਉਹ ਸੰਜੈ ਭੰਡਾਰੀ ਦਾ ਰਿਸ਼ਤੇਦਾਰ ਹੈ।

  • ਜਾਇਦਾਦ ਪਹਿਲਾਂ ਪੀਸੀ ਥੰਪੀ ਨਾਂ ਦੇ ਸ਼ਖ਼ਸ ਦੇ ਨਾਂ ’ਤੇ ਆਈ ਸੀ, ਕੀ ਤੁਸੀਂ ਉਸ ਨੂੰ ਜਾਣਦੇ ਹੋ? ਇਸ ਜਾਇਦਾਦ ਦੇ ਪੁਨਰ ਨਿਰਮਾਣ ਲਈ ਜੋ ਈਮੇਲ ਤੁਹਾਨੂੰ ਆਇਆ ਹੈ, ਤੁਸੀਂ ਉਸ ਨੂੰ ਪਾਸ ਕਿਉਂ ਕੀਤਾ? ਇਹ ਸਵਾਲ ਵੀ ਪੁੱਛਿਆ ਜਾ ਸਕਦਾ ਹੈ।

  • ਈਡੀ ਵਾਡਰਾ ਤੋਂ ਇਹ ਵੀ ਪੁੱਛ ਸਕਦੀ ਹੈ ਕਿ ਸੁਮਿਤ ਚੱਠਾ ਤੁਹਾਨੂੰ ਕਿਸ ਪੈਸੇ ਬਾਰੇ ਪੁੱਛ ਰਿਹਾ ਸੀ। ਵਾਡਰਾ ਨੇ ਸੁਮਿਤ ਨੂੰ ਪੈਸਿਆਂ ਬਾਰੇ ਕਿਹਾ ਸੀ ਕਿ ਮਨੋਜ ਵੇਖ ਲਏਗਾ। ਈਮੇਲਜ਼ ਵਿਖਾ ਕੇ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।