ਨਵੀਂ ਦਿੱਲੀ: ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਮੌਜੂਦਾ ਵਿੱਤੀ ਸਾਲ ਦੀ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਆਪਣੇ ਅਨੁਮਾਨ ਨੂੰ ਘਟਾ ਦਿੱਤਾ ਹੈ। ਰੇਟਿੰਗ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਗਾਹਕਾਂ ਦੀ ਮੰਗ ਘੱਟ ਹੋਣ ਕਰਕੇ ਮੌਜੂਦਾ ਵਿੱਤੀ ਸਾਲ 2019-20 'ਚ ਭਾਰਤ ਦੀ ਆਰਥਿਕ ਵਾਧਾ ਦਰ 4.9 ਪ੍ਰਤੀਸ਼ਤ ਹੋ ਸਕਦੀ ਹੈ। ਯੂਐਸ ਰੇਟਿੰਗ ਏਜੰਸੀ ਨੇ ਵਿੱਤੀ ਸਾਲ 2019-20 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅਨੁਮਾਨ ਨੂੰ 5.8 ਤੋਂ ਘਟਾ ਕੇ 4.9% ਕਰ ਦਿੱਤਾ ਹੈ।


ਮੂਡੀਜ਼ ਮੁਤਾਬਕ 2020-21 'ਚ ਭਾਰਤ ਦੀ ਆਰਥਿਕ ਵਿਕਾਸ ਦਰ 6.3 ਪ੍ਰਤੀਸ਼ਤ ਹੋ ਸਕਦੀ ਹੈ। ਰੇਟਿੰਗ ਏਜੰਸੀ ਨੇ ਪਹਿਲਾਂ 2020-21 'ਚ ਭਾਰਤ ਦੀ ਆਰਥਿਕ ਵਿਕਾਸ ਦਰ 6.6 ਪ੍ਰਤੀਸ਼ਤ ਰਹਿਣ ਦੇ ਅਨੁਮਾਨ ਜਾਰੀ ਕੀਤੇ ਸੀ।

ਮੂਡੀਜ਼ ਨੇ ਖਪਤ ਦੇ ਰੁਝਾਨ ਬਾਰੇ ਇੱਕ ਰਿਪੋਰਟ 'ਚ ਕਿਹਾ, “ਨਿਵੇਸ਼ 'ਚ ਆਈ ਮੰਦੀ ਨੇ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ ਤੇ ਹੁਣ ਪੇਂਡੂ ਖੇਤਰਾਂ 'ਚ ਲੋਕਾਂ ਦੇ ਵਿੱਤੀ ਦਬਾਅ ਤੇ ਰੁਜ਼ਗਾਰ ਪੈਦਾਵਾਰ ਦੀ ਦਰ ਨੂੰ ਘਟਾਉਣ ਕਾਰਨ ਖਪਤ ਦੀ ਗਿਰਾਵਟ ਘਟ ਗਈ ਹੈ।”