ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦਾ ਪਸਾਰ ਤੇਜ਼ੀ ਨਾਲ ਹੋ ਰਿਹਾ ਹੈ। ਸ਼ਨੀਵਾਰ ਪੌਜ਼ੇਟਿਵ ਮਾਮਲਿਆਂ ਦਾ ਅੰਕੜਾ ਤਿੰਨ ਲੱਖ ਤੋਂ ਪਾਰ ਪਹੁੰਚ ਗਿਆ। ਭਾਰਤ 'ਚ 100 ਤੋਂ ਇਕ ਲੱਖ ਤਕ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਹੋਣ ਤੇ ਕਰੀਬ 64 ਦਿਨ ਲੱਗੇ ਸਨ। ਚਿੰਤਾ ਦੀ ਗੱਲ ਇਹ ਹੈ ਕਿ ਦੋ ਲੱਖ ਹੋਣ 'ਤੇ 15 ਦਿਨ ਤੇ ਤਿੰਨ ਲੱਖ ਤਕ ਪਹੁੰਚਣ 'ਤੇ ਮਹਿਜ਼ ਦਸ ਦਿਨ ਲੱਗੇ ਹਨ। ਯਾਨੀ ਸਪਸ਼ਟ ਹੈ ਕਿ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।


ਭਾਰਤ 'ਚ ਮੌਜੂਦਾ ਸਮੇਂ ਕੁੱਲ ਅੰਕੜਾ 3,98,993 ਹੋ ਗਿਆ ਹੈ। ਇਨ੍ਹਾਂ 'ਚੋਂ 1,45,779 ਐਕਟਿਵ ਮਾਮਲੇ ਸਨ ਜਦਕਿ 1,54,330 ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 8,884 ਹੋ ਗਈ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦਾ 50 ਫੀਸਦ ਤਿੰਨ ਸ਼ਹਿਰਾਂ 'ਚ ਹੈ।


ਭਾਰਤ 'ਚ ਮਹਾਰਾਸ਼ਟਰ ਤੇ ਦਿੱਲੀ ਦੇ ਹਾਲਾਤ ਕਾਫੀ ਗੰਭੀਰ ਹਨ। ਜਿੱਥੇ ਆਏ ਦਿਨ ਮਾਮਲੇ ਲਗਾਤਾਰ ਵਧ ਰਹੇ ਹਨ। ਕੋਰੋਨਾ ਵਾਇਰਸ ਨਾਲ ਹੋ ਰਹੀ ਬੇਕਾਬੂ ਸਥਿਤੀ ਨੂੰ ਦੇਖਦਿਆਂ ਹੀ ਸ਼ਨੀਵਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਮੀਖਿਆ ਬੈਠਕ ਵੀ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦਿੱਲੀ 'ਚ ਐਮਰਜੈਂਸੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਵੀ ਦਿੱਤੇ।