ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਖ਼ਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸਮੀਖਿਆ ਲਈ ਬੈਠਕ ਕੀਤੀ। ਇਸ ਬੈਠਕ 'ਚ ਸੀਨੀਅਰ ਮੰਤਰੀਆਂ ਤੇ ਅਧਿਕਾਰੀਆਂ ਤੋਂ ਇਲਾਵਾ ਡਾਕਟਰ ਵੀ ਮੌਜੂਦ ਸਨ। ਬੈਠਕ 'ਚ ਕੌਮੀ ਪੱਧਰ 'ਤੇ ਮੌਜੂਦਾਂ ਹਾਲਾਤ ਤੇ ਮਹਾਮਾਰੀ ਸਬੰਧੀ ਕੀਤੀਆਂ ਗਈਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਗਈ।


ਇਸ ਦੌਰਾਨ ਮੋਦੀ ਨੇ ਸੂਬਿਆਂ ਦੇ ਹਿਸਾਬ ਨਾਲ ਸਮੀਖਿਆ ਕੀਤੀ। ਜਿੱਥੇ ਲਗਾਤਾਰ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਵੱਖਰੇ ਤੌਰ 'ਤੇ ਯੋਜਨਾ ਬਣਾਉਣ ਲਈ ਕਿਹਾ। ਉਨ੍ਹਾਂ ਦਿੱਲੀ 'ਤੇ ਚਿੰਤਾ ਜਤਾਉਂਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਰਦੇਸ਼ ਦਿੱਤੇ ਕਿ ਐਮਰਜੈਂਸੀ ਬੈਠਕ ਬੁਲਾਕੇ ਐਲਜੀ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਐਮਸੀਡੀ ਦੇ ਤਿੰਨੇ ਮੇਅਰ ਤੇ ਅਧਿਕਾਰੀਆਂ ਨਾਲ ਚਰਚਾ ਕਰਨ ਤੇ ਦਿੱਲੀ 'ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਕ ਯੋਜਨਾ ਤਿਆਰ ਕੀਤੀ ਜਾਵੇ।


ਦਰਅਸਲ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ। ਇਥੋਂ ਤਕ ਕਿ ਰਾਜਧਾਨੀ ਦਿੱਲੀ 'ਚ ਮਹਾਮਾਰੀ ਦੇ ਚਲਦੇ ਹਾਲਾਤ ਗੰਭੀਰ ਹੋ ਗਏ ਹਨ।


ਬੈਠਕ 'ਚ ਪ੍ਰਧਾਨ ਮੰਤਰੀ ਨੇ ਹਸਪਤਾਲਾਂ ਤੇ ਆਈਸੋਲੇਸ਼ਨ ਕੇਂਦਰਾਂ 'ਚ ਬੈੱਡਾਂ ਦੀ ਸ਼ਹਿਰ ਤੇ ਜ਼ਿਲ੍ਹੇਵਾਰ ਜ਼ਰੂਰਤਾਂ 'ਤੇ ਚਰਚਾ ਕੀਤੀ ਤੇ ਐਮਰਜੈਂਸੀ ਯੋਜਨਾ ਬਣਾਉਣ ਲਈ ਕਿਹਾ। ਗ੍ਰਹਿ ਮੰਤਰਾਲੇ ਤੇ ਸਿਹਤ ਮੰਤਰਾਲੇ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾਣ।