ਚੰਡੀਗੜ੍ਹ: ਕੋਰੋਨਾ ਦਾ ਕਹਿਰ ਪਹਿਲੇ ਨਾਲੋਂ ਵੀ ਵੱਧ ਘਾਤਕ ਹੁੰਦਾ ਜਾ ਰਿਹਾ ਹੈ। ਸ਼ਨੀਵਾਰ ਨੂੰ ਦੇਸ਼ ਵਿੱਚ ਰੋਜ਼ਾਨਾ ਕੋਵਿਡ-19 ਦੇ ਮਾਮਲੇ 89,129 'ਤੇ ਪਹੁੰਚ ਗਏ। ਪਿਛਲੇ ਸਾਲ ਮਹਾਮਾਰੀ ਦੀ ਪਹਿਲੀ ਲਹਿਰ ਦੇ ਪੀਕ ਟਾਈਮ ਦੌਰਾਨ 97,000 ਕੇਸ ਸਨ। ਸੂਬਿਆਂ ਦੇ ਵੱਧ ਰਹੇ ਐਕਟਿਵ ਮਾਮਲਿਆਂ ਲਈ ਘਰ ਜਾਂ ਹਸਪਤਾਲ ਵਿੱਚ ਦੇਖਭਾਲ, ਆਈਸੀਯੂ ਤੇ ਆਕਸੀਜਨ ਦੀ ਜ਼ਰੂਰਤ ਵਾਲੇ ਮਰੀਜ਼ਾਂ ਦਾ ਵਾਧਾ ਚਿੰਤਾਜਨਕ ਹੈ।
ਦੇਸ਼ ਭਰ ਵਿੱਚ ਐਕਟਿਵ ਕੇਸਾਂ ਦੇ ਮਾਮਲੇ 6,58,909 ਤੱਕ ਪਹੁੰਚ ਚੁੱਕੇ ਹਨ ਜੋ ਦੇਸ਼ ਦੇ ਕੁੱਲ ਕੇਸਾਂ ਦਾ 5.32 ਫੀਸਦ ਬਣਦਾ ਹੈ। ਪਿਛਲੇ 24 ਘੰਟੇ ਵਿੱਚ 44,213 ਐਕਟਿਵ ਕੇਸਾਂ ਦਾ ਵਾਧਾ ਹੋਇਆ ਹੈ ਜੋ ਕਿ ਬੇਹੱਦ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਅੰਕੜਾ ਹੈ।
ਪੰਜਾਬ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ- ਸੂਬੇ ਵਿੱਚ ਦੋ ਮਹੀਨਿਆਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਗੁਣਾ ਵਧੀ ਹੈ ਜੋ 2,122 ਤੋਂ 25,458 ਕੇਸ ਹੋ ਗਈ ਹੈ। ਇਸ ਦੌਰਾਨ ਹਰਿਆਣਾ 'ਚ 10 ਗੁਣਾ ਵਾਧਾ ਹੋਇਆ ਹੈ, ਜੋ 1,055 ਤੋਂ 11,022 ਮਾਮਲਿਆਂ ਵਿਚ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ, ਦੇਸ਼ ਭਰ ਵਿੱਚ 714 ਮੌਤਾਂ ਹੋਈਆਂ, ਜਿਨ੍ਹਾਂ ਵਿੱਚ 49 ਮੌਤ ਪੰਜਾਬ ਤੋਂ ਹੀ ਸ਼ਾਮਲ ਹਨ।
ਸੂਤਰਾਂ ਮੁਤਾਬਕ ਹਸਪਤਾਲ ਵਿੱਚ ਦਾਖਲੇ ਤੇ ਮੈਡੀਕਲ ਆਕਸੀਜਨ ਦੀ ਸਪਲਾਈ ਤੇ ਆਈਸੀਯੂ ਦੀ ਸਥਿਤੀ ਵਿੱਚ ਤਿੰਨ ਗੁਣਾ ਵਾਧੇ ਦੀ ਰਿਪੋਰਟ ਆਈ ਹੈ। ਹਾਸਲ ਜਾਣਕਾਰੀ ਅਨੁਸਾਰ ਮੌਜੂਦ ਲਹਿਰ ਪਹਿਲੇ ਨਾਲੋਂ ਵੀ ਵੱਧ ਘਾਤਕ ਦੱਸੀ ਜਾ ਰਹੀ ਹੈ।
ਪਿਛਲੇ ਦਿਨੀਂ ਰੋਜ਼ਾਨਾ ਵਾਧਾ 6 ਮਹੀਨਿਆਂ ਵਿੱਚ ਸਭ ਤੋਂ ਵੱਧ ਰਿਹਾ ਹੈ। ਕੁੱਲ ਮਾਮਲੇ 1.23 ਕਰੋੜ ਤੋਂ ਵੱਧ ਹੋ ਗਏ ਹਨ ਅਤੇ 714 ਮੌਤਾਂ ਤੋਂ ਬਾਅਦ ਇਹ ਗਿਣਤੀ 1,64,110 ਨੂੰ ਛੂਹ ਗਈ ਹੈ। ਇਹ ਪਿਛਲੇ ਸਾਲ 21 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ 24 ਦਿਨਾਂ ਤੋਂ ਐਕਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਰਿਕਵਰੀ ਰੇਟ 93.36 ਫੀਸਦ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :